ਨਵੀਂ ਦਿੱਲੀ : ਜੈੱਟ ਈਂਧਨ (ਏ ਟੀ ਐੱਫ) ਦੀਆਂ ਕੀਮਤਾਂ ਸ਼ਨੀਵਾਰ 4.5 ਫੀਸਦੀ ਤੱਕ ਡਿੱਗ ਗਈਆਂ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ’ਚ ਵਰਤੀ ਜਾਣ ਵਾਲੀ ਵਪਾਰਕ ਐੱਲ ਪੀ ਜੀ 19 ਕਿਲੋ ਪ੍ਰਤੀ ਸਿਲੰਡਰ 25.5 ਰੁਪਏ ਤੱਕ ਹੇਠਾਂ ਆ ਗਈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ’ਚ 19 ਕਿਲੋ 1,885 ਰੁਪਏ ਦੇ ਵਪਾਰਕ ਐੱਲ ਪੀ ਜੀ ਸਿਲੰਡਰ ਦੀ ਕੀਮਤ 1859.50 ਰੁਪਏ ਹੋ ਗਈ ਹੈ। ਕਮਰਸ਼ੀਅਲ ਐੱਲ ਪੀ ਜੀ ਦੀਆਂ ਕੀਮਤਾਂ ਵਿਚ ਜੂਨ ਤੋਂ ਛੇਵੀਂ ਵਾਰ ਕਟੌਤੀ ਕੀਤੀ ਗਈ ਹੈ, ਪਰ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਏ ਟੀ ਐੱਫ ਦੀ ਕੀਮਤ ’ਚ 4.5 ਫੀਸਦੀ ਦੀ ਕਮੀ ਦਰਜ ਕੀਤੀ ਗਈ। ਮੀਡੀਆ ਰਿਪੋਰਟਾਂ ਅਨੁਸਰ ਮਈ ਮਹੀਨੇ ’ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 2354 ਰੁਪਏ ਹੋ ਗਈ ਸੀ, ਪਰ ਉਸ ਤੋਂ ਬਾਅਦ ਆਇਲ ਮਾਰਕੀਟਿੰਗ ਕੰਪਨੀਆਂ ਲਗਾਤਾਰ ਇਸ ਦੀ ਕੀਮਤਾਂ ’ਚ ਕਟੌਤੀ ਕਰ ਰਹੀਆਂ ਹਨ।
14.2 ਕਿਲੋ ਦੇ ਘਰੇਲੂ ਐੱਲ ਪੀ ਜੀ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕਿਸੇ ਵੀ ਪ੍ਰਕਾਰ ਦਾ ਬਦਲਾਅ ਨਹੀਂ ਕੀਤਾ ਗਿਆ, ਜਿਸ ਨਾਲ ਆਮ ਗਾਹਕਾਂ ਨੂੰ ਇਸ ਕਟੌਤੀ ਦਾ ਕੋਈ ਲਾਭ ਨਹੀਂ ਮਿਲੇਗਾ।
ਦੇਸ਼ ਦੀ ਰਾਜਧਾਨੀ ਦਿੱਲੀ ’ਚ 14.2 ਕਿਲੋ ਵਾਲੇ ਐੱਲ ਪੀ ਜੀ ਸਿਲੰਡਰ ਦੀ ਕੀਮਤ 1090 ਰੁਪਏ ਹੈ, ਜੋ ਆਖਰੀ ਵਾਰ ਜੁਲਾਈ ਮਹੀਨੇ ’ਚ ਬਦਲੀ ਸੀ।