ਸ਼ਾਹਕੋਟ, (ਗਿਆਨ ਸੈਦਪੁਰੀ)-ਅੱਲੜ੍ਹ ਉਮਰ ਵਿੱਚ ਭਾਵੁਕਤਾ ਵੱਸ ਕੀਤੀ ਮੁਹੱਬਤ ਕਾਰਨ ਦੋ ਜਿੰਦੜੀਆਂ ਦੇ ਦੁੱਖਾਂ ਵਿੱਚ ਪੈਣ, ਜਾਤੀ ਹਉਮੈ ਦਾ ਯੱਭ, ਪੈਸੇ-ਧੇਲੇ ਦੀ ਥੁੜ ਕਾਰਨ ਹਨੇਰਾ ਦਿਸਦਾ ਭਵਿੱਖ, ਫਿਰ ਵੀ ਇਕੱਠੇ ਜੀਊਣ-ਮਰਨ ਦੀ ਦ੍ਰਿੜ੍ਹਤਾ ਜਾਂ ਜ਼ਿੱਦ ਦਾ ਮਾਮਲਾ ਸਾਹਮਣਾ ਆਇਆ ਹੈ। ਜਲੰਧਰ ਨੇੜਲੇ ਇੱਕ ਪਿੰਡ ਦੇ ਮੁੰਡਾ ਤੇ ਕੁੜੀ ਨਾਲ ਦੇ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ। ਜਮਾਤ ਦੋਵਾਂ ਦੀ ਬਾਰ੍ਹਵੀਂ, ਪਰ ਜਾਤ ਵੱਖਰੀ-ਵੱਖਰੀ। ਸਕੂਲ ਵਿੱਚ ਪੜ੍ਹਦਿਆਂ ਹੀ ਉਨ੍ਹਾਂ ਨੇ ਇੱਕ-ਦੂਸਰੇ ਦੇ ਹੋ ਜਾਣ ਦਾ ਫੈਸਲਾ ਕਰ ਲਿਆ। ਅਗਲਾ ਕਦਮ ਉਨ੍ਹਾਂ ਨੇ ਪਿੰਡੋਂ ਦੂਰ ਜਾਣ ਦਾ ਚੁੱਕ ਲਿਆ। ਦੋਵਾਂ ਦੇ ਮਾਪਿਆਂ ਨੇ ਕਾਫ਼ੀ ਭਾਲ ਕੀਤੀ, ਪਰ ਉਹ ਕਿਧਰੇ ਨਾ ਲੱਭੇ। ਉਹ ਫਿਰਦੇ-ਤੁਰਦੇ ਚੰਡੀਗੜ੍ਹ ਚਲੇ ਗਏ। ਇੱਧਰ ਦੋਵਾਂ ਦੇ ਮਾਪੇ ਪ੍ਰੇਸ਼ਾਨ, ਮੁੰਡੇ ਦੇ ਮਾਂ-ਬਾਪ ਨੂੰ ਪਿੰਡ ਛੱਡਣਾ ਪਿਆ। ਕੁੜੀ ਦੇ ਮਾਂ-ਬਾਪ ਦਾ ਆਪਸੀ ਕਲੇਸ਼ ‘ਮਰਨ ਮਰਾਉਣ’ ਤੱਕ ਪਹੁੰਚ ਗਿਆ। ਛੇ ਮਹੀਨੇ ਇਸੇ ਤਰ੍ਹਾਂ ਗੁਜ਼ਰ ਗਏ। ਮੁੰਡੇ ਵਾਲਿਆਂ ਨੇ ‘ਉਧੜ’ ਗਿਆਂ ਨਾਲ ਸੰਪਰਕ ਸਾਧਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਸਫ਼ਲ ਨਾ ਹੋਏ। ਇਸ ਦੌਰਾਨ ਮਾਂ ਆਪਣੀ ਧੀ ਨਾਲ ਫੋਨੀਕਲੀ ਸੰਪਰਕ ਬਣਾਉਣ ਵਿੱਚ ਕਾਮਯਾਬ ਹੋ ਗਈ।
ਲੰਘੀ 13 ਮਈ ਨੂੰ ਮੁੰਡੇ ਨੇ ਇੱਕ ਨੇੜਲੇ ਰਿਸ਼ਤੇਦਾਰ ਨੂੰ ਫੋਨ ‘ਤੇ ਦੱਸਿਆ ਕਿ ਉਹ (ਦੋਵੇਂ) ਨਕੋਦਰ ਦੇ ਬੱਸ ਅੱਡੇ ਵਿੱਚ ਹਨ। ਰਿਸ਼ਤੇਦਾਰ ਨਕੋਦਰ ਪਹੁੰਚੇ ਤਾਂ ਉਹ ਕੁੜੀ ਨੂੰ ਹਵਾਲੇ ਕਰਕੇ ਆਪ ਖਿਸਕ ਗਿਆ। ਮੁੰਡੇ ਦੇ ਮਾਪਿਆਂ ਨੇ ਕੁੜੀ ਦੇ ਮਾਪਿਆਂ ਨਾਲ ਗੱਲ ਕੀਤੀ। ਸਹਿਮਤੀ ਬਣੀ ਕਿ ਪਰ੍ਹਿਆ ਪੰਚਾਇਤਾਂ ਦੇ ਗੇੜ ਵਿੱਚ ਨਾ ਪਿਆ ਜਾਵੇ, ਸਗੋਂ ਉਹ ਚੁੱਪ-ਚੁਪੀਤੇ ਕੁੜੀ ਨੂੰ ਮਾਂ-ਬਾਪ ਕੋਲ ਛੱਡ ਜਾਣ। ਇਸੇ ਤਰ੍ਹਾਂ ਕੀਤਾ ਗਿਆ। ਜਵਾਨ ਧੀ ਨੂੰ ਮਾਪਿਆਂ ਨੇ ਸਮਝਾਇਆ ਵੀ ਤੇ ਡਰਾਵਾ ਵੀ ਦਿੱਤਾ। ਮੁੰਡੇ ਦੀ ਕਥਿਤ ਨੀਵੀਂ ਜਾਤ ਦਾ ਵੀ ਵਾਸਤਾ ਪਾਇਆ ਤੇ ਡਰਾਵਾ ਵੀ ਦਿੱਤਾ। ਕੁੜੀ ਟੱਸ ਤੋਂ ਮੱਸ ਨਾ ਹੋਈ। ਕੁੜੀ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਉਸ ਦੀ ਮਾਂ ਨੇ ‘ਤਰਲਾ’ ਮਾਰਿਆ ਸੀ ਕਿ ਉਹ ਇੱਕ ਵਾਰ ਆ ਕੇ ਮਿਲ ਜਾਵੇ। ਕੁੜੀ ਨੇ ਬਿਨਾਂ ਕਿਸੇ ਭੈਅ ਦੇ ਸਪੱਸ਼ਟ ਆਖ ਦਿੱਤਾ ਕਿ ਉਹ ਮਾਰੀ ਤਾਂ ਜਾ ਸਕਦੀ ਹੈ, ਪਰ ਜਾਵੇਗੀ ਆਪਣੇ ਆਪੇ ਲੱਭੇ ‘ਵਰ’ ਕੋਲ ਹੀ। ਇੱਥੇ ‘ਹੀਰ ਵਾਰਿਸ ਸ਼ਾਹ’ ਵਿਚਲੀਆਂ ਉਹ ਸਤਰਾਂ ਜ਼ਿਹਨ ‘ਚ ‘ਖੌਰੂ’ ਪਾਉਂਦੀਆਂ ਹਨ, ਜਿਨ੍ਹਾਂ ਵਿੱਚ ਕਵੀ ਹੀਰ ਕੋਲੋਂ ਅਖਵਾਉਂਦਾ ਹੈ, ‘ਵਾਰਿਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ ਭਾਵੇਂ ਚੱਲ ਕੇ ਬਾਪ ਦਾ ਬਾਪ ਆਵੇ…।’




