ਨਿਊਯਾਰਕ : ਅਮਰੀਕਾ ਦੇ ਨਿਊ ਜਰਸੀ ਵਿਚ ਹਾਲ ਹੀ ’ਚ ਟੀਨੇਕ ਡੈਮੋਕਰੇਟਿਕ ਮਿਊਂਸਪਲ ਕਮੇਟੀ (ਟੀ ਡੀ ਐੱਮ ਸੀ) ਦੇ ਆਗੂ ਦੀ ਅਗਵਾਈ ਵਿਚ ਇਕ ਮਤਾ ਪਾਸ ਕਰਕੇ ਵਿਸ਼ਵ ਹਿੰਦੂ ਪ੍ਰੀਸ਼ਦ, ਸੇਵਾ ਇੰਟਰਨੈਸ਼ਨਲ, ਹਿੰਦੂ ਸੋਇਮ ਸੇਵਕ ਸੰਘ ਸਣੇ 60 ਜਥੇਬੰਦੀਆਂ ਉੱਤੇ ਦਹਿਸ਼ਤਗਰਦੀ ਨੂੰ ਬੜ੍ਹਾਵਾ ਦੇੇਣ ਦਾ ਦੋਸ਼ ਲਾਇਆ ਗਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਇਹ ਜਥੇਬੰਦੀਆਂ ਭਾਰਤ ਤੇ ਅਮਰੀਕਾ ਵਿਚ ਘੱਟ ਗਿਣਤੀਆਂ ਖਿਲਾਫ ਨਫਰਤ ਫੈਲਾਉਣ ਦਾ ਕੰਮ ਕਰ ਰਹੀਆਂ ਹਨ। ਮਤੇ ਵਿਚ ਦੋ ਡੈਮਕਰੇਟਿਕ ਸਾਂਸਦਾਂ ਨੂੰ ਅਮਰੀਕਾ ਵਿਚ ਸਰਗਰਮ ਹਿੰਦੂ ਜਥੇਬੰਦੀਆਂ ਦੀ ਫੰਡਿੰਗ ਦੀ ਜਾਂਚ ਕਰਨ ਨੂੰ ਕਿਹਾ ਗਿਆ ਹੈ। ਡੈਮੋਕਰੇਟਿਕ ਪਾਰਟੀ ਹੀ ਅਮਰੀਕਾ ਵਿਚ ਸੱਤਾਧਾਰੀ ਹੈ। ਇਸ ਮਤੇ ਖਿਲਾਫ ਹਿੰਦੂ ਜਥੇਬੰਦੀਆਂ ਨੇ ਖਾਸਕਰ ਕੈਲੀਫੋਰਨੀਆ ਤੇ ਨਿਊ ਜਰਸੀ ਵਿਚ ਡੈਮੋਕਰੇਟਿਕ ਪਾਰਟੀ ਦੀਆਂ ਸਰਕਾਰਾਂ ਖਿਲਾਫ ਪ੍ਰਦਰਸ਼ਨ ਕੀਤੇ ਹਨ।
ਅਮਰੀਕਾ ਵਿਚ ਪਿਛਲੇ ਦੋ ਮਹੀਨਿਆਂ ’ਚ ਹੋਈਆਂ ਘਟਨਾਵਾਂ ਲਈ ਇਨ੍ਹਾਂ ਜਥੇਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਭਾਰਤੀ ਆਜ਼ਾਦੀ ਦਿਵਸ ’ਤੇ ਅਮਰੀਕਾ ਵਿਚ ਕਈ ਥਾਈਂ ਪਰੇਡ ਵਿਚ ਬੁਲਡੋਜ਼ਰ ਨੂੰ ਉਪਲੱਬਧੀਆਂ ਦਾ ਪ੍ਰਤੀਕ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ। ਕਈ ਅਮਰੀਕੀ ਜਥੇਬੰਦੀਆਂ ਨੇ ਇਸ ਨੂੰ ਬਟਵਾਰੇ ਤੇ ਨਫਰਤ ਦਾ ਪ੍ਰਤੀਕ ਦੱਸ ਕੇ ਆਲੋਚਨਾ ਕੀਤੀ। ਇਸ ਤੋਂ ਬਾਅਦ ਸਮਾਜੀ ਜਥੇਬੰਦੀਆਂ ਨੇ ਅਮਰੀਕਾ ਵਿਚ ਹੋਣ ਵਾਲੇ ਸਾਧਵੀ ਰਿਤੰਭਰਾ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ ਤੇ ਪ੍ਰੋਗਰਾਮ ਰੱਦ ਕਰਵਾਇਆ।