ਦੇਹਰਾਦੂਨ : ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਦੇ 28 ਸਿਖਿਆਰਥੀ ਪਰਬਤਾਰੋਹੀਆਂ ਦਾ ਗਰੁੱਪ ਮੰਗਲਵਾਰ ਉੱਤਰਕਾਸ਼ੀ ਜ਼ਿਲ੍ਹੇ ’ਚ ਦਰੋਪਦੀ ਕਾ ਡੰਡਾ ਚੋਟੀ ਉੱਤੇ ਬਰਫ ਦੇ ਤੋਦਿਆਂ ’ਚ ਫਸ ਗਿਆ ਤੇ ਇਨ੍ਹਾਂ ਵਿਚੋਂ 10 ਦੀ ਮੌਤ ਹੋ ਗਈ। ਇੰਸਟੀਚਿਊਟ ਦੇ ਪਿ੍ਰੰਸੀਪਲ ਕਰਨਲ ਅਮਿਤ ਬਿਸ਼ਟ ਨੇ ਦੱਸਿਆ ਕਿ 34 ਸਿਖਿਆਰਥੀ ਪਰਬਤਾਰੋਹੀਆਂ ਅਤੇ ਸੱਤ ਇੰਸਟ੍ਰਕਟਰਾਂ ਦੀ ਟੀਮ ਵਾਪਸੀ ਸਮੇਂ ਬਰਫ ਦੇ ਤੋਦਿਆਂ ’ਚ ਫਸ ਗਈ। 10 ਲਾਸ਼ਾਂ ਨਜ਼ਰ ਆਈਆਂ ਹਨ, ਜਿਨ੍ਹਾਂ ’ਚੋਂ ਚਾਰ ਬਰਾਮਦ ਕਰ ਲਈਆਂ ਗਈਆਂ ਹਨ। ਬਰਫਬਾਰੀ ਸਵੇਰੇ 8.45 ਵਜੇ ਹੋਈ। ਬਚਾਅ ਟੀਮਾਂ ਨੇ ਫਸੇ ਹੋਏ ਅੱਠ ਲੋਕਾਂ ਨੂੰ ਬਚਾ ਲਿਆ ਸੀ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਸੀ।




