ਚੰਡੀਗੜ੍ਹ (ਗੁਰਜੀਤ ਬਿੱਲਾ)
ਅੰਮਿ੍ਰਤਸਰ ਦਿਹਾਤੀ ਪੁਲਸ ਨੇ ਆਈ ਐੱਸ ਆਈ ਅਧਾਰਤ ਨਾਰਕੋ-ਅੱਤਵਾਦ ਮਡਿਊਲ ਦਾ ਪਰਦਾ ਫਾਸ਼ ਕਰਕੇ ਇਸ ਦੇ ਮੁੱਖ ਸੰਚਾਲਕ ਨੂੰ ਹਥਿਆਰਾਂ ਅਤੇ ਵਿਸਫੋਟਕ ਸਮਗਰੀ ਸਮੇਤ ਗਿ੍ਰਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ ਗੌਰਵ ਯਾਦਵ ਨੇ ਦੱਸਿਆ ਕਿ ਇਹ ਮਡਿਊਲ ਕੈਨੇਡਾ ਅਧਾਰਤ ਲਖਬੀਰ ਸਿੰਘ ਉਰਫ ਲੰਡਾ, ਪਾਕਿਸਤਾਨ ਅਧਾਰਤ ਹਰਵਿੰਦਰ ਸਿੰਘ ਰਿੰਦਾ ਅਤੇ ਇਟਲੀ ਅਧਾਰਤ ਹਰਪ੍ਰੀਤ ਸਿੰਘ ਉਰਫ ਹੈਪੀ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਜਾ ਰਿਹਾ ਹੈ। ਗਿ੍ਰਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਤਰਨ ਤਾਰਨ ਦੇ ਪਿੰਡ ਰਾਜੋਕੇ ਵਾਸੀ ਯੋਗਰਾਜ ਸਿੰਘ ਉਰਫ ਯੋਗ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਸ ਨੇ ਮਡਿਊਲ ਦੇ ਪੰਜ ਹੋਰ ਸੰਚਾਲਕਾਂ ਦੀ ਵੀ ਸ਼ਨਾਖਤ ਕੀਤੀ ਹੈ, ਜੋ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਮਡਿਊਲ ਨਾਲ ਜੁੜੇ ਹੋਏ ਹਨ।
ਪੁਲਸ ਨੇ ਮੁਲਜ਼ਮ ਕੋਲੋਂ ਇੱਕ ਆਰ ਡੀ ਐੱਕਸ ਲੋਡਿਡ ਟਿਫਿਨ ਬਾਕਸ, ਜਿਸ ਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਈ ਡੀ) ਜਾਂ ਟਿਫਿਨ ਬੰਬ ਬਣਾਇਆ ਗਿਆ ਸੀ, ਦੋ ਆਧੁਨਿਕ ਏ ਕੇ-56 ਅਸਾਲਟ ਰਾਈਫਲਾਂ ਸਮੇਤ ਦੋ ਮੈਗਜ਼ੀਨਾਂ ਅਤੇ 30 ਜ਼ਿੰਦਾ ਕਾਰਤੂਸ, ਇੱਕ .30 ਬੋਰ ਦਾ ਪਿਸਤੌਲ ਸਮੇਤ 6 ਜ਼ਿੰਦਾ ਕਾਰਤੂਸ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ। ਡੀ ਜੀ ਪੀ ਨੇ ਦੱਸਿਆ ਕਿ ਗਿ੍ਰਫਤਾਰ ਮੁਲਜ਼ਮ ਯੋਗਰਾਜ ਇਸ ਮਡਿਊਲ ਦਾ ਮੁੱਖ ਸੰਚਾਲਕ ਹੈ ਅਤੇ ਉਹ ਸੂਬਾ ਪੁਲਸ ਅਤੇ ਕੇਂਦਰੀ ਇਨਫੋਰਸਮੈਂਟ ਏਜੰਸੀਆਂ ਨੂੰ ਸਤੰਬਰ 2019 ਵਿੱਚ ਤਰਨ ਤਾਰਨ ਵਿੱਚ ਪੰਜ ਏ ਕੇ-47 ਅਸਾਲਟ ਰਾਈਫਲਾਂ ਜ਼ਬਤ ਕਰਨ ਦੇ ਮਾਮਲੇ ਸਮੇਤ ਘੱਟੋ-ਘੱਟ ਪੰਜ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਉਨ੍ਹਾ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ, ਵਿਸਫੋਟਕ ਸਮਗਰੀ ਤੇ ਨਸ਼ੇ ਦੀ ਤਸਕਰੀ ਸਬੰਧੀ ਸਰਹੱਦੋ ਪਾਰ ਦੀਆਂ ਕਾਰਵਾਈਆਂ ਅੱਤਵਾਦੀ/ ਗੈਂਗਸਟਰ ਲੰਡਾ, ਰਿੰਦਾ ਅਤੇ ਹੈਪੀ ਤੇ ਜੇਲ੍ਹ ਵਿੱਚ ਬੰਦ ਸਮਗਲਰ ਗੁਰਪਵਿੱਤਰ ਉਰਫ ਸਾਈਂ ਵਾਸੀ ਲਖਨਾ, ਜ਼ਿਲ੍ਹਾ ਤਰਨ ਤਾਰਨ ਦੇ ਨਿਰਦੇਸ਼ਾਂ ’ਤੇ ਯੋਗਰਾਜ ਵੱਲੋਂ ਕੀਤੀਆਂ ਜਾਂਦੀਆਂ ਸਨ। ਯੋਗਰਾਜ ਵੱਡੇ ਪੱਧਰ ’ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਅਤੇ ਅੱਗੇ ਡਲਿਵਰੀ ਲਈ ਸਰਗਰਮ ਸੀ। ਐੱਸ ਐੱਸ ਪੀ ਅੰਮਿ੍ਰਤਸਰ (ਦਿਹਾਤੀ) ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਲੰਡਾ-ਰਿੰਡਾ ਅੱਤਵਾਦੀ ਮਡਿਊਲ ਦੇ ਮੈਂਬਰਾਂ ਦਾ ਪਰਦਾ ਫਾਸ਼ ਕਰਨ ਲਈ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਮੌਜੂਦਾ ਮਡਿਊਲ ਦੇ ਪੰਜ ਸੰਚਾਲਕਾਂ ਦੀ ਪਛਾਣ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਹਨਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਨੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੀ ਹਮਾਇਤ ਪ੍ਰਾਪਤ ਡਰੋਨ ਅਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਅੱਤਵਾਦੀ ਮਾਡਿਊਲ ਦੇ ਆਪਰੇਟਿਵ ਨੂੰ ਗਿ੍ਰਫਤਾਰ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਉਸ ਦੀ ਕਾਰ ਵਿੱਚੋਂ ਪੁਲਸ ਨੇ ਤਿੰਨ ਹੈਂਡ ਗਰਨੇਡ ਅਤੇ ਹਥਿਆਰ ਬਰਾਮਦ ਕੀਤੇ ਹਨ। ਇਹ ਅੱਤਵਾਦੀ ਮਾਡਿਊਲ ਕੈਨੇਡਾ ਅਧਾਰਤ ਅੱਤਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਕੇ.ਟੀ.ਐੱਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਹੈ।
ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੀਰਾ ਵਾਸੀ ਜੁਝਾਰ ਨਗਰ ਬਠਿੰਡਾ ਵਜੋਂ ਹੋਈ ਹੈ। ਪੁਲਸ ਨੇ ਤਿੰਨ ਹੈਂਡ ਗਰਨੇਡਾਂ ਤੋਂ ਇਲਾਵਾ .30 ਬੋਰ ਅਤੇ 9 ਐਮ ਐਮ ਬਰੇਟਾ ਦੇ 2 ਪਿਸਤੌਲ ਸਮੇਤ 60 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਇਹ ਕਾਰਵਾਈ ਚਮਕੌਰ ਸਾਹਿਬ ਇਲਾਕੇ ਤੋਂ ਇਸੇ ਮਾਡਿਊਲ ਦੇ ਦੋ ਕਾਰਕੁਨਾਂ ਵੀਜਾ ਸਿੰਘ ਉਰਫ ਗਗਨ ਉਰਫ ਗੱਗੂ ਅਤੇ ਰਣਜੋਧ ਸਿੰਘ ਉਰਫ ਜੋਤੀ ਦੀ ਗਿ੍ਰਫਤਾਰੀ ਤੋਂ ਦੋ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਫਿਰੋਜ਼ਪੁਰ ਪੁਲਸ ਨੇ ਫਿਰੋਜ਼ਪੁਰ ਦੇ ਪਿੰਡ ਆਰਿਫਕੇ ਵਿੱਚ ਝੋਨੇ ਦੇ ਖੇਤਾਂ ਵਿੱਚੋਂ ਇੱਕ ਅਤਿ-ਆਧੁਨਿਕ ਏਕੇ-47 ਅਸਾਲਟ ਰਾਈਫਲ ਸਮੇਤ ਦੋ ਮੈਗਜ਼ੀਨਾਂ ਅਤੇ 60 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ, ਜਿਨ੍ਹਾਂ ਨੂੰ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨਾ ਸੀ।
ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਹਰਪ੍ਰੀਤ ਨੇ ਕਬੂਲਿਆ ਕਿ ਉਹ ਅਰਸ਼ ਡਾਲਾ ਦੇ ਨਜ਼ਦੀਕੀ ਸਾਥੀ ਅਮਨਦੀਪ ਸਿੰਘ ਉਰਫ ਬੱਬੂ, ਜੋ ਕਿ ਇਸ ਵੇਲੇ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਹੈ, ਦੇ ਇਸ਼ਾਰੇ ’ਤੇ ਅੰਮਿ੍ਰਤਸਰ ਵਿਖੇ ਹੈਂਡ ਗ੍ਰਨੇਡ ਅਤੇ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ। ਐੱਸ ਐੱਸ ਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਦੋਸ਼ੀ ਹਰਪ੍ਰੀਤ ਨੇ ਦੱਸਿਆ ਕਿ ਇਹ ਖੇਪ ਅਰਸ਼ ਡਾਲਾ ਦੇ ਮਨੀਲਾ ਸਥਿਤ ਸਾਥੀ ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਅੰਮਿ੍ਰਤਪਾਲ ਸਿੰਘ ਉਰਫ ਐਮੀ, ਜੋ ਪਾਕਿਸਤਾਨ ਵਿੱਚ ਅੱਤਵਾਦੀਆਂ ਨਾਲ ਵੀ ਜੁੜੇ ਹੋਏ ਹਨ, ਦੇ ਨਿਰਦੇਸ਼ਾਂ ’ਤੇ ਵੀਜਾ ਸਿੰਘ ਅਤੇ ਰਣਜੋਧ ਸਿੰਘ ਵੱਲੋਂ ਸਰਹੱਦੀ ਖੇਤਰ ਤੋਂ ਲਿਆਂਦੀ ਗਈ ਸੀ। ਮਨਪ੍ਰੀਤ ਪੀਤਾ ਅਤੇ ਐਮੀ ਨੇ ਇਹ ਖੇਪ ਮੋਗਾ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੂੰ ਸੌਂਪੀ ਸੀ, ਜਿਨ੍ਹ ਨੇ ਅੱਗੇ ਉਸ ਨੂੰ ਇਹ ਖੇਪ ਅੰਮਿ੍ਰਤਸਰ ਵਿੱਚ ਕਿਸੇ ਅਣਦੱਸੀ ਥਾਂ ’ਤੇ ਪਹੁੰਚਾਉਣ ਲਈ ਕਿਹਾ।




