ਜੰਮੂ : ਜੰਮੂ-ਕਸ਼ਮੀਰ ਦੇ ਡੀ ਜੀ ਪੀ (ਜੇਲ੍ਹਾਂ) ਹੇਮੰਤ ਲੋਹੀਆ ਦੀ ਇੱਥੇ ਸੋਮਵਾਰ ਹੱਤਿਆ ਤੋਂ ਬਾਅਦ ਪੁਲਸ ਨੇ ਉਨ੍ਹਾ ਦੇ ਫਰਾਰ ਘਰੇਲੂ ਨੌਕਰ ਨੂੰ ਸ਼ੱਕ ਦੇ ਅਧਾਰ ’ਤੇ ਗਿ੍ਰਫਤਾਰ ਕਰ ਲਿਆ ਹੈ। ਪੁਲਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਦੱਸਿਆ ਕਿ ਮਸ਼ਕੂਕ ਯਾਸਿਰ ਅਹਿਮਦ ਨੇ ਲੋਹੀਆ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਸੀ। ਲੋਹੀਆ ਨੂੰ ਅਗਸਤ ’ਚ ਜੇਲ੍ਹਾਂ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਐਡੀਸ਼ਨਲ ਡਾਇਰੈਕਟਰ ਜਨਰਲ (ਜੰਮੂ ਖੇਤਰ) ਮੁਕੇਸ਼ ਸਿੰਘ ਨੇ ਦੱਸਿਆ ਕਿ ਲੋਹੀਆ 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਸਨ। ਉਨ੍ਹਾ ਦੀ ਲਾਸ਼ ਸ਼ਹਿਰ ਦੇ ਬਾਹਰਵਾਰ ਉਦੇਵਾਲਾ ਸਥਿਤ ਉਨ੍ਹਾ ਦੇ ਦੋਸਤ ਦੀ ਰਿਹਾਇਸ਼ ’ਤੇ ਮਿਲੀ, ਜਿਥੇ ਉਹ ਅੱਜਕੱਲ੍ਹ ਰਹਿ ਰਹੇ ਸਨ। ਉਨ੍ਹਾ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੋਹੀਆ ਨੇ ਆਪਣੇ ਪੈਰ ’ਤੇ ਤੇਲ ਮਲਿਆ ਸੀ, ਜਿਸ ’ਤੇ ਸੋਜ਼ ਦਿਖਾਈ ਦੇ ਰਹੀ ਸੀ। ਕਾਤਲ ਨੇ ਲੋਹੀਆ ਦਾ ਗਲਾ ਵੱਢਣ ਲਈ ਕੈਚੱਪ ਦੀ ਟੁੱਟੀ ਬੋਤਲ ਦੀ ਵਰਤੋਂ ਕੀਤੀ ਅਤੇ ਬਾਅਦ ਵਿਚ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਰਿਹਾਇਸ਼ ’ਤੇ ਮੌਜੂਦ ਚੌਕੀਦਾਰਾਂ ਨੇ ਕਮਰੇ ਦੇ ਅੰਦਰ ਅੱਗ ਦੇਖੀ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਦਰਵਾਜ਼ਾ ਤੋੜਨਾ ਪਿਆ।
ਪੁਲਸ ਨੂੰ ਯਾਸਿਰ ਦੀ ਇਕ ਡਾਇਰੀ ਮਿਲੀ ਹੈ, ਜਿਸ ਤੋਂ ਲੱਗਦਾ ਹੈ ਕਿ ਉਹ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਦੁਖੀ ਸੀ। ਉਸ ਨੇ ਡਾਇਰੀ ਵਿਚ ਲਿਖਿਆ ਕਿ ਉਸ ਦੀ ਜ਼ਿੰਦਗੀ ਵਿਚ ਪਿਆਰ ਜ਼ੀਰੋ ਫੀਸਦੀ, ਤਣਾਅ 90 ਫੀਸਦੀ, ਦੁੱਖ 100 ਫੀਸਦੀ ਤੇ ਫੇਕ ਸਮਾਈਲ 100 ਫੀਸਦੀ ਹੈ। ਇਸ ਦੇ ਆਧਾਰ ’ਤੇ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਹ ਮੌਤ ਬਾਰੇ ਸੋਚਦਾ ਰਹਿੰਦਾ ਸੀ।




