ਰਾਜੌਰੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਐਲਾਨ ਕੀਤਾ ਕਿ ਜੰਮੂ-ਕਸ਼ਮੀਰ ਦੇ ਗੁੱਜਰ, ਬਕਰਵਾਲ ਅਤੇ ਪਹਾੜੀ ਭਾਈਚਾਰਿਆਂ ਨੂੰ ਜਸਟਿਸ ਸ਼ਰਮਾ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਰਾਖਵੇਂਕਰਨ ਦਾ ਲਾਭ ਮਿਲੇਗਾ। ਇਸ ਕਮਿਸ਼ਨ ਨੇ ਰਾਖਵੇਂਕਰਨ ਦੇ ਮੁੱਦੇ ’ਤੇ ਵਿਚਾਰ ਕੀਤਾ ਸੀ। ਇਸ ਤੋਂ ਪਹਿਲਾਂ ਮਹਾਨੌਮੀ ਮੌਕੇ ਸ਼ਾਹ ਨੇ ਰਿਆਸੀ ਜ਼ਿਲ੍ਹੇ ’ਚ ਤਿ੍ਰਕੁਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਪੂਜਾ ਕੀਤੀ। ਸ਼ਾਹ ਨਾਲ ਉਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਵੀ ਸਨ। ਗ੍ਰਹਿ ਮੰਤਰੀ ਨੌਂ ਦਿਨਾਂ ਤੱਕ ਚੱਲਣ ਵਾਲੇ ਨਵਰਾਤਰੀ ਤਿਉਹਾਰ ਦੇ ਆਖਰੀ ਦਿਨ ਮਾਂ ਦੇ ਦਰਸ਼ਨਾਂ ਲਈ ਹੈਲੀਕਾਪਟਰ ਰਾਹੀਂ ਸਾਂਝੀ ਛੱਤ ਪਹੁੰਚੇ। ਮੰਦਰ ਜਾਣ ਤੋਂ ਪਹਿਲਾਂ ਸ਼ਾਹ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਮਹਾਨੌਮੀ ਦੀ ਵਧਾਈ ਦਿੱਤੀ।
ਸ਼ਾਹ ਦੇ ਦੌਰੇ ਦੇ ਮੱਦੇਨਜ਼ਰ ਜੰਮੂ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਮੰਗਲਵਾਰ ਮੋਬਾਇਲ ਇੰਟਰਨੱੈਟ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਸ਼ਾਮ 7 ਵਜੇ ਤੱਕ ਲਈ ਮੁਅੱਤਲ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਕਿ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਹੈ, ਤਾਂ ਜੋ ਸੇਵਾਵਾਂ ਦੀ ਰਾਸ਼ਟਰ ਵਿਰੋਧੀ ਅਨਸਰਾਂ ਵੱਲੋਂ ਦੁਰਵਰਤੋਂ ਨਾ ਕੀਤੀ ਜਾ ਸਕੇ।





