ਪ੍ਰਧਾਨ ਮੰਤਰੀ ਦੀਆਂ ਨਾਕਾਮੀਆਂ

0
1

ਭਾਰਤ ਇੱਕ ਅਮੀਰ ਲੋਕਤੰਤਰੀ ਵਿਰਾਸਤ ਵਾਲਾ ਦੇਸ਼ ਹੈ, ਜਿੱਥੇ ਸੱਤਾ ਦਾ ਤਬਾਦਲਾ ਸ਼ਾਂਤੀਪੂਰਵਕ ਹੁੰਦਾ ਹੈ, ਭਾਵੇਂ ਹਾਰਨ ਵਾਲੀ ਧਿਰ ਚੋਣ ਨਤੀਜਿਆਂ ਨਾਲ ਆਪਣੀ ਅਸਹਿਮਤੀ ਪ੍ਰਗਟ ਕਰਦੀ ਹੈ, ਇਹ ਕਦੇ ਵੀ ਖੁੱਲ੍ਹ ਕੇ ਭਾਰਤੀ ਲੋਕਤੰਤਰ ਦੇ ਵਿਰੁੱਧ ਨਹੀਂ ਖੜ੍ਹੀ ਹੁੰਦੀ, ਜਿਵੇਂ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਵਰਗੇ ਦੇਸ਼ਾਂ ਵਿੱਚ ਹੁੰਦਾ ਹੈ, ਇਸ ਲਈ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹੋਏ ਹਨ, ਵਿਰੋਧੀ ਪਾਰਟੀਆਂ (ਭੇਦਭਾਵ ਨਾਲ ਭਰੀਆਂ) ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਰਹੀਆਂ ਹਨ ਅਤੇ ਵਿਰੋਧ ਦੇ ਹੋਰ ਲੋਕਤੰਤਰੀ ਤਰੀਕਿਆਂ ਨੂੰ ਅਪਣਾ ਕੇ ਭਾਰਤ ਦੀ ਮਜ਼ਬੂਤ ਵਿਰਾਸਤ ਨੂੰ ਸੁਰੱਖਿਅਤ ਰੱਖ ਰਹੀਆਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਫਲ ਨਹੀਂ ਹੋਏ ਹਨ। ਉਨ੍ਹਾ ਦੀਆਂ ਅਸਫਲਤਾਵਾਂ ਉਨ੍ਹਾ ਦੇ ਬਿਆਨਾਂ ਵਿੱਚ ਝਲਕਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਕੋਲ ਆਰਥਕ ਤੌਰ ‘ਤੇ ਦੁਖੀ ਅਤੇ ਪਿਆਸ ਨਾਲ ਜੂਝ ਰਹੇ ਭਾਰਤ ਨੂੰ ਦੇਣ ਲਈ ਨਸੀਹਤਾਂ ਹੀ ਹਨ। ਇੱਕ ਅਸੰਵੇਦਨਸ਼ੀਲ ਰਾਜਾ ਵਾਂਗ ਦਿਖਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਕਿ ਦੇਸ਼ ਵਾਸੀ ਨਿਮਰਤਾ, ਮੁਆਫੀ ਅਤੇ ਚੰਗੇ ਆਚਰਣ ਦੇ ਗਹਿਣੇ ਪਹਿਨਣ ਅਤੇ ‘ਵਿਕਸਤ ਭਾਰਤ’ ਦੇ ਸੰਕਲਪ ਨੂੰ ਪੂਰਾ ਕਰਨ। ਇਹ ਕੁਝ ਲੋਕਾਂ ਨੂੰ ਇੱਕ ਆਮ ਗੱਲ ਲੱਗ ਸਕਦੀ ਹੈ, ਪਰ ਅਜਿਹਾ ਨਹੀਂ ਹੈ ਅਤੇ ਜੋ ਲੋਕ ਇਸ ਨੂੰ ਆਮ ਸਮਝਦੇ ਹਨ ਉਹ ਪੂਰੀ ਤਰ੍ਹਾਂ ਗਲਤ ਹਨ। ਦਰਅਸਲ, ਜਦੋਂ 1.4 ਅਰਬ ਲੋਕਾਂ ਦਾ ਭਵਿੱਖ ਆਪਣੇ ਹੱਥਾਂ ਵਿੱਚ ਫੜਨ ਵਾਲਾ ਇੱਕ ਨੇਤਾ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਉਹ ਬੁਰੀ ਤਰ੍ਹਾਂ ਹਾਰਨ ਵਾਲਾ ਹੈ ਜਾਂ ਉਸ ਨੇ ਹਾਰ ਮੰਨ ਲਈ ਹੈ। ਉਸ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਉਸ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ, ਇਸ ਲਈ ਹੁਣ ਉਹ ਆਪਣੇ ਦੇਸ਼ ਵਾਸੀਆਂ ਤੋਂ ਕੁਰਬਾਨੀ, ਸਮਰਪਣ ਅਤੇ ਚੰਗੇ ਆਚਰਣ ਦੀ ਮੰਗ ਕਰਦਾ ਹੈ। ਉਹ ਆਦਮੀ, ਜਿਸ ਨੂੰ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ, ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਚੁਣਿਆ ਗਿਆ ਸੀ, ਹੁਣ ਲੋਕਾਂ ਨੂੰ ਸਬਰ ਦਾ ਸਬਕ ਸਿਖਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਦੀਆਂ ਅਸਫਲਤਾਵਾਂ ਅਤੇ ਉਨ੍ਹਾ ਦੀ ਆਪਣੀ ਅਯੋਗਤਾ ਉਨ੍ਹਾ ਦੇ ਸਾਹਮਣੇ ਨੱਚ ਰਹੀ ਹੈ ਅਤੇ ਉਸ ਨਾਚ ਨੇ ਉਨ੍ਹਾ ਨੂੰ ਡਰਾਇਆ ਹੋਇਆ ਹੈ। ਉਨ੍ਹਾ ਨੂੰ ਲਗਾਤਾਰ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ ਗਿਆ ਸੀ, ਪਰ ਉਹ ਦੇਸ਼ ਲਈ ਕੁਝ ਵੀ ਮਹੱਤਵਪੂਰਨ ਨਹੀਂ ਦੇ ਸਕੇ। ਕਾਂਗਰਸ ਪਾਰਟੀ ਨਾਲ ਉਨ੍ਹਾ ਦੀ ਨਫਰਤ, ਅੰਬਾਨੀ ਪਰਵਾਰ ਅਤੇ ਅਡਾਨੀ ਸਮੂਹ ਲਈ ਉਨ੍ਹਾ ਦਾ ਬੇਲਗਾਮ ਪਿਆਰ, ਔਰਤਾਂ ਦਾ ਅਪਮਾਨ ਕਰਨ ਵਾਲਿਆਂ ‘ਤੇ ਉਨ੍ਹਾ ਦੀ ਚੁੱਪੀ ਅਤੇ ਵਿਦਿਆਰਥੀਆਂ, ਕਿਸਾਨਾਂ ਅਤੇ ਹੋਰ ਭਾਈਚਾਰਿਆਂ ਦੀਆਂ ਸਮੱਸਿਆਵਾਂ ਪ੍ਰਤੀ ਉਨ੍ਹਾ ਦੇ ਜ਼ਿੱਦੀ ਰਵੱਈਏ ਨੇ ਭਾਰਤ ਨੂੰ ਇੱਕ ਅਜਿਹੇ ਬਿੰਦੂ ‘ਤੇ ਪਹੁੰਚਾ ਦਿੱਤਾ ਹੈ, ਜਿੱਥੇ ਪਿਛਲੇ 75 ਸਾਲਾਂ ਦੌਰਾਨ ਦੂਜੇ ਪ੍ਰਧਾਨ ਮੰਤਰੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਬੇਕਾਰ ਕੀਤਾ ਜਾ ਰਿਹਾ ਹੈ। ਫਿਰ ਵੀ, ਅੱਜ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਰਜੀਹ ਇਸ ਦੇਸ਼ ਦੇ ਲੋਕ ਨਹੀਂ, ਸਗੋਂ ਖੁਦ ਹਨ। ਉਹ ਆਪਣੀ ਛਵੀ ਬਾਰੇ ਸਭ ਤੋਂ ਵੱਧ ਚਿੰਤਤ ਹਨ ਅਤੇ ਇਸ ਨੂੰ ਬਣਾਈ ਰੱਖਣ ਲਈ ਉਨ੍ਹਾ ਪੂਰੇ ਦੇਸ਼ ਨੂੰ ਦਾਅ ‘ਤੇ ਲਗਾ ਦਿੱਤਾ ਹੈ।
ਅੱਜ ਭਾਰਤ ਆਪਣੇ ਸਭ ਤੋਂ ਭਿਆਨਕ ਸੰਕਟ ਵਿੱਚ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਮੀਡੀਆ ਦੀ ਮਦਦ ਨਾਲ ਦੇਸ਼ ਦੀ ਦੁਰਦਸ਼ਾ ਨੂੰ ਸਫਲਤਾਪੂਰਵਕ ਸੰਭਾਲ ਰਹੇ ਹਨ, ਤਾਂ ਜੋ ਲੋਕਾਂ ਨੂੰ ਦੁਰਦਸ਼ਾ ਦਾ ਅਹਿਸਾਸ ਵੀ ਨਾ ਹੋਵੇ! ਇਹ ਕੋਈ ਭੇਤ ਨਹੀਂ ਕਿ ਭਾਰਤ ਦੁਨੀਆ ਦੀ 18 ਫੀਸਦੀ ਆਬਾਦੀ ਦਾ ਘਰ ਹੈ, ਪਰ ਇਸ ਕੋਲ ਦੁਨੀਆ ਦਾ ਸਿਰਫ 4 ਫੀਸਦੀ ਤਾਜ਼ਾ ਪਾਣੀ ਹੈ। ਇਸ ਤਾਜ਼ੇ ਪਾਣੀ ਦਾ 85 ਫੀਸਦੀ ਖੇਤੀਬਾੜੀ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਦੇ 60 ਕਰੋੜ ਤੋਂ ਵੱਧ ਲੋਕ ਗੰਭੀਰ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦਾ 70 ਫੀਸਦੀ ਸਤਹੀ ਪਾਣੀ ਪ੍ਰਦੂਸ਼ਤ ਹੈ। ਹਜ਼ਾਰਾਂ ਕਰੋੜ ਰੁਪਏ ਖਰਚ ਕਰਨ ਅਤੇ ਮਾਂ ਗੰਗਾ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ 12 ਸਾਲਾਂ ਵਿੱਚ ਗੰਗਾ ਅਤੇ ਯਮੁਨਾ ਵਰਗੀਆਂ ਨਦੀਆਂ ਨੂੰ ਸਾਫ ਨਹੀਂ ਕਰ ਸਕੇ। ਕੇਂਦਰੀ ਜਲ ਕਮਿਸ਼ਨ ਮੁਤਾਬਕ ਦੇਸ਼ ਦੇ 166 ਪ੍ਰਮੁੱਖ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਕੁੱਲ ਸਮਰੱਥਾ ਦੇ 35-40 ਫੀਸਦੀ ਤੱਕ ਡਿੱਗ ਗਿਆ ਹੈ। ਹੈਦਰਾਬਾਦ, ਮੁੰਬਈ, ਦਿੱਲੀ-ਐੱਨ ਸੀ ਆਰ, ਬੇਂਗਲੁਰੂ, ਜੈਪੁਰ ਅਤੇ ਬਾੜਮੇਰ ਵਰਗੇ ਮਹੱਤਵਪੂਰਨ ਸ਼ਹਿਰ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮੋਦੀ ਆਪਣੀ ਦੁਨੀਆ ਵਿੱਚ ਗੁਆਚੇ ਪਏ ਹਨ, ਜਦੋਂ ਕਿ ਇੱਕ ਦਹਾਕੇ ਵਿੱਚ ਸਭ ਤੋਂ ਸੁੱਕਾ ਮਾਨਸੂਨ ਸਾਡੇ ਉੱਤੇ ਹੈ। ਸਮੱਸਿਆ ਸਿਰਫ ਐੱਲ ਨੀਨੋ ਵਰਗੀਆਂ ਭੂ-ਵਿਗਿਆਨਕ ਘਟਨਾਵਾਂ ਦੀ ਨਹੀਂ, ਸਗੋਂ ਇੱਕ ਅਸਫਲ ਪ੍ਰਧਾਨ ਮੰਤਰੀ ਤੇ ਸਿਆਸਤਦਾਨ ਦੀ ਹੈ, ਜੋ ਇਹ ਵੀ ਨਹੀਂ ਜਾਣਦਾ ਕਿ ਦੇਸ਼ ਦੀ ਪਿਆਸ ਕਿਵੇਂ ਬੁਝਾਉਣੀ ਹੈ, ਇਸ ਦੇ ਖੇਤਾਂ ਨੂੰ ਕਿਵੇਂ ਸਿੰਜਣਾ ਹੈ, ਕਿਸਾਨਾਂ ਨੂੰ ਖਾਦ ਕਿਵੇਂ ਪ੍ਰਦਾਨ ਕਰਨੀ ਹੈ! ਕਈ ਰਿਪੋਰਟਾਂ ਨੇ ਚੇਤਾਵਨੀ ਦਿੱਤੀ ਸੀ ਕਿ ਭਾਰਤ ਸ਼ੂਗਰ ਅਤੇ ਮੋਟਾਪੇ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ, ਪਰ ਮੋਦੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਐੱਨ ਐੱਫ ਐੱਚ ਐੱਸ-6 ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 15-49 ਸਾਲ ਦੀ ਉਮਰ ਦੀਆਂ 30.7 ਫੀਸਦੀ ਔਰਤਾਂ ਅਤੇ 27.3 ਫੀਸਦੀ ਮਰਦ ਮੋਟੇ ਹਨ। ਇਸ ਤੋਂ ਇਲਾਵਾ 15 ਸਾਲ ਤੋਂ ਵੱਧ ਉਮਰ ਦੀਆਂ 17.8 ਫੀਸਦੀ ਔਰਤਾਂ ਅਤੇ 20.9 ਫੀਸਦੀ ਮਰਦ ਸ਼ੂਗਰ ਦੇ ਮਰੀਜ਼ ਹਨ। ਇਸ ਦਾ ਮਤਲਬ ਹੈ ਕਿ ਭਾਰਤ ਦੀ ਸਭ ਤੋਂ ਵੱਧ ਉਤਪਾਦਕ ਆਬਾਦੀ ਹੁਣ ਮੋਟਾਪੇ ਅਤੇ ਸ਼ੂਗਰ ਦਾ ਸ਼ਿਕਾਰ ਹੋ ਰਹੀ ਹੈ ਅਤੇ ਸਰਕਾਰ ਨੂੰ ਇਹ ਵੀ ਨਹੀਂ ਪਤਾ ਕਿ ਕੀ ਕਰਨਾ ਹੈ। ਵਿਦਿਆਰਥੀ ਪੜ੍ਹਾਈ ਕਰਨ ਦੀ ਆਪਣੀ ਪ੍ਰੇਰਣਾ ਗੁਆ ਰਹੇ ਹਨ, ਕਿਉਂਕਿ ਸਰਕਾਰ ਨੇ ਪੇਪਰ ਲੀਕ ਮਾਫੀਆ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਵਿਸ਼ਵ ਗੁਰੂ ਹੁਣ ਦੁਨੀਆ ਦਾ ਸਭ ਤੋਂ ਵੱਡਾ ਮਜ਼ਾਕ ਹੈ। ਇੱਕ ਦੇਸ਼, ਜੋ ਸਾਫ਼-ਸੁਥਰੇ ਇਮਤਿਹਾਨ ਵੀ ਨਹੀਂ ਕਰਵਾ ਸਕਦਾ, ਉਸ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲਵੇਗਾ। ਇੱਕ ਅਸਫਲ ਪ੍ਰਧਾਨ ਮੰਤਰੀ ਤੋਂ ਇਸ ਤੋਂ ਵੱਧ ਕੁਝ ਵੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਹੰਝੂ ਵਹਾਏ ਜਾਂ ਲੋਕਾਂ ਨੂੰ ਸਮਰਪਣ ਲਈ ਅਪੀਲ ਕਰੇ ਅਤੇ ਇਸ ਦੇਸ਼ ਦੀ ਹਰ ਮਹੱਤਵਪੂਰਨ ਸਮੱਸਿਆ ਨੂੰ ਹੱਲ ਕਰਨ ਲਈ ਨਸੀਹਤਾਂ ਦੇਵੇ।