ਲਾਲਚ ਤੇ ਸਰਕਾਰੀ ਲਾਪ੍ਰਵਾਹੀ ਨੇ ਲਈਆਂ 20 ਤੋਂ ਵੱਧ ਜਾਨਾਂ

0
5

ਨਵੀਂ ਦਿੱਲੀ (ਨ ਜ਼ ਸ) : ਬੁੱਧਵਾਰ ਸਵੇਰੇ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿੱਚ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ ਤੇ 27 ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਦੋਵੇਂ ਸ਼ਾਮਲ ਹਨ। ਕਈ ਪੀੜਤ ਬੰਗਲਾਦੇਸ਼ ਅਤੇ ਅਫਰੀਕੀ ਦੇਸ਼ਾਂ ਦੇ ਨਾਗਰਿਕ ਸਨ। ਚਸ਼ਮਦੀਦਾਂ ਦੀਆਂ ਵੀਡੀਓਜ਼ ਵਿੱਚ ਹੌਲਨਾਕ ਦ੍ਰਿਸ਼ ਦਿਖਾਈ ਦਿੱਤੇ, ਜਿਸ ਵਿੱਚ ਕੁਝ ਲੋਕ ਬਚਣ ਲਈ ਬਲਦੀ ਇਮਾਰਤ ਤੋਂ ਛਾਲ ਮਾਰ ਰਹੇ ਸਨ। ਇਸ ਅਰਾਜਕਤਾ ਨੂੰ ਦੇਖ ਕੇ ਸਥਾਨਕ ਵਸਨੀਕਾਂ ਨੇ ਉਨ੍ਹਾਂ ਦੇ ਡਿੱਗਣ ਨੂੰ ਸੌਖਾ ਬਣਾਉਣ ਲਈ ਜ਼ਮੀਨ ‘ਤੇ ਗੱਦੇ ਵਿਛਾ ਦਿੱਤੇ। ਇਸ ਮੁਹਿੰਮ ਦੌਰਾਨ ਕਰੀਬ 40 ਲੋਕਾਂ ਨੂੰ ਬਚਾਇਆ ਗਿਆ, ਜਦਕਿ ਕਈਆਂ ਨੂੰ ਬੇਸਮੈਂਟ ਵਿੱਚੋਂ ਬਾਹਰ ਕੱਢਿਆ ਗਿਆ। ਇਮਾਰਤ ਨੂੰ ਦਿੱਲੀ ਸਰਕਾਰ ਦੀ ਬੈੱਡ-ਐਂਡ-ਬ੍ਰੇਕਫਾਸਟ ਨੀਤੀ ਤਹਿਤ ਸਿਰਫ ਛੇ ਕਮਰਿਆਂ ਲਈ ਇਜਾਜ਼ਤ ਦਿੱਤੀ ਗਈ ਸੀ, ਪਰ ਕਥਿਤ ਤੌਰ ‘ਤੇ ਇਸ ਦਾ ਵਿਸਤਾਰ ਕਰਕੇ 25 ਕਮਰੇ ਬਣਾ ਲਏ ਗਏ ਸਨ। ਹੁਣ ਸੁਰੱਖਿਆ ਨਿਯਮਾਂ ਦੀ ਪਾਲਣਾ ਅਤੇ ਨਿਗਰਾਨੀ ਪ੍ਰਣਾਲੀਆਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
39 ਪੀੜਤਾਂ ਨੂੰ ਮੈਕਸ ਹਸਪਤਾਲ ਸਾਕੇਤ ਵਿਖੇ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 18 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੰਦਰਾਂ ਮਰੀਜ਼ ਇੰਟੈਂਸਿਵ ਕੇਅਰ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਅੱਠ ਵੈਂਟੀਲੇਟਰ ਸਪੋਰਟ ‘ਤੇ ਹਨ ਅਤੇ ਗੰਭੀਰ ਸਥਿਤੀ ਵਿੱਚ ਹਨ। ਸੜਨ ਦੇ ਜ਼ਿਆਦਾ ਜ਼ਖ਼ਮਾਂ ਵਾਲੇ ਇੱਕ ਮਰੀਜ਼ ਨੂੰ ਵਿਸ਼ੇਸ਼ ਇਲਾਜ ਲਈ ਸਫਦਰਜੰਗ ਹਸਪਤਾਲ ਭੇਜ ਦਿੱਤਾ ਗਿਆ। ਏਮਜ਼ ਦਿੱਲੀ ਦੇ ਅਧਿਕਾਰੀਆਂ ਨੇ ਦੱਸਿਆ, ”ਸਾਡੇ ਕੋਲ 13 ਮਰੀਜ਼ ਆਏ, 3 ਮਰੀਜ਼ ਉਚਾਈ ਤੋਂ ਡਿੱਗਣ ਵਾਲੇ ਅਤੇ 10 ਬਚਾਅ ਕਰਮਚਾਰੀ ਹਨ। ਸਾਰੇ ਬਚਾਅ ਕਰਮਚਾਰੀ ਦਿੱਲੀ ਪੁਲਸ ਦੇ ਹਨ।” ਅੱਗ ਤੋਂ ਬਚਣ ਲਈ ਕੋਈ ਰਸਤਾ ਨਹੀਂ ਦਿਖਾਈ ਦਿੱਤਾ। ਇਮਾਰਤ ਦਾ ਮਾਲਕ ਫਰਾਰ ਹੋ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਔਰਤ ਨੇ ਬੱਚੇ ਸਮੇਤ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਲੋਕਾਂ ਵੱਲੋਂ ਵਿਛਾਲੇ ਗੱਦਿਆਂ ਕਰਕੇ ਦੋਵੇਂ ਬਚ ਗਏ, ਪਰ ਉਨ੍ਹਾਂ ਨੂੰ ਸੱਟਾਂ ਲੱਗੀਆਂ। ਜਾਨ ਗਵਾਉਣ ਵਾਲਿਆਂ ਵਿੱਚ ਗੁਰੂਗ੍ਰਾਮ ਦੇ ਸੈਕਟਰ 46 ਦੇ ਨਿਵਾਸੀ ਅਤੇ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਵਿਵੇਕ ਅਗਰਵਾਲ, ਉਨ੍ਹਾ ਦੀ ਪਤਨੀ ਤਰਜਾਨੀ, ਦੋ ਮਾਸੂਮ ਧੀਆਂ ਜੀਵੀਸ਼ਾ ਤੇ ਵਰਿਆ, ਮਾਂ ਪ੍ਰੇਮਲਤਾ, ਚਾਚਾ ਅਸ਼ੋਕ ਗੋਇਲ, ਮਾਸੀ ਕਮਲਾ ਅਤੇ ਪਰਵਾਰਕ ਮੈਂਬਰ ਝਿਮਰੀ ਅਗਰਵਾਲ ਸ਼ਾਮਲ ਹਨ। ਵਿਵੇਕ ਦੇ ਸਹੁਰੇ ਪ੍ਰੇਮ ਬਾਂਸਲ (ਵਾਸੀ ਮਹਾਂਵੀਰ ਇਨਕਲੇਵ, ਦਿੱਲੀ) ਨੇ ਦੱਸਿਆ ਕਿ ਉਨ੍ਹਾ ਦੀ ਧੀ, ਜਵਾਈ ਅਤੇ ਉਨ੍ਹਾ ਦੇ ਪਰਵਾਰ ਦੇ ਅੱਠ ਮੈਂਬਰਾਂ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ ਹੈ। ਦਰਅਸਲ, ਵਿਵੇਕ ਦੇ ਪਿਤਾ ਰਾਧੇਸ਼ਿਆਮ ਅਗਰਵਾਲ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾ ਨੂੰ ਦਿੱਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬੁੱਧਵਾਰ ਸਵੇਰੇ ਜਦੋਂ ਵਿਵੇਕ ਦੇ ਮਾਮਾ-ਮਾਸੀ ਪਿਤਾ ਦਾ ਹਾਲ-ਚਾਲ ਜਾਣਨ ਦਿੱਲੀ ਪਹੁੰਚੇ, ਤਾਂ ਵਿਵੇਕ ਸਵੇਰੇ ਤਕਰੀਬਨ 8:30 ਵਜੇ ਸਾਰੇ ਪਰਵਾਰ ਨੂੰ ਨਜ਼ਦੀਕੀ ਰੈਸਟੋਰੈਂਟ ਵਿੱਚ ਨਾਸ਼ਤਾ ਕਰਵਾਉਣ ਲੈ ਗਏ, ਜਿੱਥੇ ਇਹ ਭਿਆਨਕ ਭਾਣਾ ਵਰਤ ਗਿਆ। ਹੁਣ ਪਰਵਾਰ ਵਿੱਚ ਸਿਰਫ ਬਿਮਾਰ ਪਿਤਾ ਹੀ ਬਚੇ ਹਨ, ਜੋ ਹਸਪਤਾਲ ਵਿੱਚ ਭਰਤੀ ਹਨ।