ਮੁਜ਼ੱਫਰਪੁਰ : ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਆਈ ਸੀ ਯੂ ਵਿੱਚ ਵੀਰਵਾਰ ਤੜਕੇ ਲੱਗੀ ਅੱਗ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਬ੍ਰਹਮਪੁਰਾ ਇਲਾਕੇ ਦੇ ਪ੍ਰਸਾਦ ਹਸਪਤਾਲ ਵਿੱਚ ਸਵੇਰੇ 3 ਵਜੇ ਦੇ ਕਰੀਬ ਲੱਗੀ ਅਤੇ ਤੇਜ਼ੀ ਨਾਲ ਇੰਟੈਂਸਿਵ ਕੇਅਰ ਯੂਨਿਟ ਵਿੱਚ ਫੈਲ ਗਈ, ਜਿਸ ਨਾਲ ਇਹ ਸੰਘਣੇ ਧੂੰਏਂ ਨਾਲ ਭਰ ਗਿਆ। ਮੁਜ਼ੱਫਰਪੁਰ ਦੇ ਮਿਊਂਸਪਲ ਕਮਿਸ਼ਨਰ ਰਿਤੁਰਾਜ ਸਿੰਘ ਨੇ ਕਿਹਾ ਕਿ ਕੁੱਲ 5 ਮੌਤਾਂ ਦੀ ਪੁਸ਼ਟੀ ਹੋਈ ਹੈ। ਕਈ ਵਿਅਕਤੀ ਜ਼ਖਮੀ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ ਐੱਮ ਨੇ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਹੈ।
ਵਿਰਾਟ ਕੋਹਲੀ ਬਾਹਰ
ਨਵੀਂ ਦਿੱਲੀ : ਭਾਰਤੀ ਬੈਟਿੰਗ ਦੇ ਸੁਪਰਸਟਾਰ ਵਿਰਾਟ ਕੋਹਲੀ ਵੀਰਵਾਰ ਨੂੰ ਹੈਮਸਟ੍ਰਿੰਗ (ਲੱਤ ਦੀ ਮਾਸਪੇਸ਼ੀ) ਦੀ ਸੱਟ ਕਾਰਨ ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਵਨ ਡੇਅ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਇਹ ਸੀਰੀਜ਼ 13 ਜੂਨ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋ ਰਹੀ ਹੈ। ਕੋਹਲੀ, ਜੋ ਕਿ 37 ਸਾਲ ਦੀ ਉਮਰ ਵਿੱਚ ਵੀ ਆਪਣੀ ਬੇਮਿਸਾਲ ਫਿਟਨੈਸ ਲਈ ਜਾਣੇ ਜਾਂਦੇ ਹਨ, ਹਾਲ ਹੀ ਵਿੱਚ ਖ਼ਤਮ ਹੋਏ ਆਈ ਪੀ ਐਲ ਵਿੱਚ ਸ਼ਾਨਦਾਰ ਫਾਰਮ ਵਿੱਚ ਸਨ। ਉਨ੍ਹਾਂ ਨੇ ਰਾਇਲ ਚੈਲੰਜ ਬੰਗਲੁਰੂ ਨੂੰ ਲਗਾਤਾਰ ਦੂਜੀ ਵਾਰ ਟਰਾਫੀ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
12 ‘ਚੋਂ 8 ਸੈਂਪਲ ਫੇਲ੍ਹ
ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਡਾ. ਜੀ ਐੱਸ ਪੰਨੂ, ਸਹਾਇਕ ਕਮਿਸ਼ਨਰ ਫੂਡ ਦੀ ਅਗਵਾਈ ਹੇਠ ਗਠਿਤ ਕੀਤੀ ਟੀਮ ਵੱਲੋਂ ਬੀਤੀ 21 ਮਈ ਨੂੰ ਅੰਮ੍ਰਿਤਸਰ ਸ਼ਹਿਰ ਦੀਆਂ ਵੱਖ-ਵੱਖ ਡੇਅਰੀਆਂ ਤੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੇ ਜੋ 12 ਸੈਂਪਲ ਲੈ ਕੇ ਜਾਂਚ ਲਈ ਫੂਡ ਲੈਬਾਰਟਰੀ, ਖਰੜ ਵਿਖੇ ਭੇਜੇ ਗਏ ਸਨ, ਉਨ੍ਹਾਂ ਵਿਚੋਂ 2 ਸੈਂਪਲ ਨਾ-ਖਾਣ ਯੋਗ ਅਤੇ 6 ਸੈਂਪਲ ਗੈਰ-ਮਿਆਰੀ ਪਾਏ ਗਏ ਹਨ। ਇਹਨਾਂ ਵਿੱਚੋਂ ਕੁਝ ਨਮੂਨਿਆਂ ਵਿੱਚ ਵਾਧੂ ਫੈਟ ਮਿਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ। ਇਸ ਤੋਂ ਇਲਾਵਾ 4 ਸੈਂਪਲ ਪਾਸ ਹੋਏ ਹਨ। ਡਾ. ਪੰਨੂ ਨੇ ਦੱਸਿਆ ਕਿ ਜਿਨ੍ਹਾਂ ਡੇਅਰੀਆਂ ਦੇ ਸੈਂਪਲ ਫੇਲ੍ਹ ਪਾਏ ਗਏ ਹਨ, ਉਨ੍ਹਾਂ ਦੇ ਵਿਰੁੱਧ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ-2006 ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।




