ਟਾਂਡਾ ਉੜਮੁੜ (ਜਸਵਿੰਦਰ ਸੰਧੂ, ਉਂਕਾਰ ਸਿੰਘ) 8 ਮਹੀਨੇ ਦੀ ਬੱਚੀ ਸਣੇ ਪਰਵਾਰ ਦੇ ਚਾਰ ਮੈਂਬਰਾਂ ਨੂੰ ਅਮਰੀਕਾ ਦੀ ਮਰਸਡ ਕਾਉਟੀ ਵਿਚ ਅਗਵਾ ਕੀਤੇ ਜਾਣ ਕਾਰਨ ਪਿੰਡ ਹਰਸ਼ੀ ਤੇ ਆਲੇ-ਦੁਆਲੇ ਦੇ ਲੋਕ ਸਦਮੇ ਵਿਚ ਹਨ।ਹਾਲਾਂਕਿ ਅਮਰੀਕੀ ਪੁਲਸ ਨੇ ਮਸ਼ਕੂਕ ਮੰਨੇ ਜਾਂਦੇ 48 ਸਾਲਾ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ, ਪਰ ਅਗਵਾਸ਼ੁਦਾ ਲੋਕਾਂ ਦਾ ਪਤਾ ਨਹੀਂ ਲੱਗਾ ਹੈ। ਮਸ਼ਕੂਕ ਦੀ ਹਾਲਤ ਵੀ ਨਾਜ਼ੁਕ ਹੈ, ਕਿਉਕਿ ਉਸ ਨੇ ਖੁਦ ’ਤੇ ਹਮਲਾ ਕਰ ਲਿਆ। ਅਗਵਾ ਕੀਤੇ ਜਾਣ ਵਾਲਿਆਂ ਦੀ ਪਛਾਣ 8 ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਤਾਇਆ ਅਮਨਦੀਪ ਸਿੰਘ (39) ਵਜੋਂ ਹੋਈ ਹੈ। ਸੋਮਵਾਰ ਦੇਰ ਰਾਤ ਪਰਵਾਰ ਦੀ ਗੱਡੀ ਸੜੀ ਹਾਲਤ ’ਚ ਮਿਲੀ, ਜਿਸ ਦੇ ਆਧਾਰ ’ਤੇ ਪੁਲਸ ਅਧਿਕਾਰੀਆਂ ਨੇ ਤੈਅ ਕੀਤਾ ਕਿ ਚੌਹਾਂ ਨੂੰ ਅਗਵਾ ਕੀਤਾ ਗਿਆ। ਖੁਫੀਆ ਅਧਿਕਾਰੀਆਂ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਮਰਸਡ ਕਾਊਂਟੀ ’ਚ ਏ ਟੀ ਐੱਮ ’ਚ ਇੱਕ ਪੀੜਤ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ ਗਈ ਸੀ। ਜਾਂਚਕਰਤਾਵਾਂ ਨੇ ਬੈਂਕ ਲੈਣ-ਦੇਣ ਕਰਨ ਵਾਲੇ ਵਿਅਕਤੀ ਦੀ ਫੋਟੋ ਪ੍ਰਾਪਤ ਕੀਤੀ, ਜੋ ਅਗਵਾ ਵਾਲੀ ਥਾਂ ਤੋਂ ਤਸਵੀਰ ’ਚ ਮੌਜੂਦ ਵਿਅਕਤੀ ਨਾਲ ਮਿਲਦੀ-ਜੁਲਦੀ ਦਿਖਾਈ ਦਿੰਦੀ ਹੈ। ਪੁਲਸ ਅਧਿਕਾਰੀਆਂ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਵਿਅਕਤੀ, ਜੀਸਸ ਮੈਨੁਅਲ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਜਸਦੀਪ ਅਤੇ ਅਮਨਦੀਪ ਦੇ ਪਿਤਾ ਡਾ. ਰਣਧੀਰ ਸਿੰਘ ਸਿਹਤ ਵਿਭਾਗ ਅਤੇ ਮਾਤਾ ਕਿ੍ਰਪਾਲ ਕੌਰ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹਨ। ਰਣਧੀਰ ਸਿੰਘ 29 ਸਤੰਬਰ ਨੂੰ ਅਮਰੀਕਾ ਤੋਂ ਭਾਰਤ ਪਰਤੇ ਸਨ। ਫਿਰ ਉਹ ਤੀਰਥ ਯਾਤਰਾ ’ਤੇ ਉੱਤਰਾਖੰਡ ਚਲੇ ਗਏ। ਉਹ ਰਿਸ਼ੀਕੇਸ਼ ਵਿਚ ਸਨ ਤੇ ਅਮਨਦੀਪ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੇ ਫੋਨ ’ਤੇ ਘਟਨਾ ਦੀ ਜਾਣਕਾਰੀ ਦਿੱਤੀ। ਰਣਧੀਰ ਸਿੰਘ ਮੰਗਲਵਾਰ ਸ਼ਾਮ ਪਿੰਡ ਪਰਤ ਆਏ ਤੇ ਉਦੋਂ ਹੀ ਪਤਨੀ ਸਣੇ ਅਮਰੀਕਾ ਲਈ ਰਵਾਨਾ ਹੋ ਗਏ। ਗੁਆਂਢੀ ਚਰਨਜੀਤ ਸਿੰਘ ਮੁਤਾਬਕ ਹੁਸ਼ਿਆਰਪੁਰ ਦੇ ਸਾਂਸਦ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਰਣਧੀਰ ਸਿੰਘ ਨੂੰ ਫੋਨ ਕਰਕੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਟਾਂਡਾ ਦੇ ਡੀ ਐੱਸ ਪੀ ਕੁਲਵੰਤ ਸਿੰਘ ਨੇ ਵੀ ਪਿੰਡ ਪਹੁੰਚ ਕੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।



