ਨਵੀਂ ਦਿੱਲੀ (ਨ ਜ਼ ਸ)
ਚੋਣ ਕਮਿਸ਼ਨ ਨੇ ਆਪਣੀ ਰਾਜ ਚੋਣ ਮਸ਼ੀਨਰੀ ਨੂੰ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਦੌਰਾਨ ਮਿਲੇ ‘ਸ਼ੱਕੀ ਵਿਦੇਸ਼ੀ ਨਾਗਰਿਕਾਂ’ ਦੇ ਮਾਮਲਿਆਂ ਨੂੰ ਸਮਰੱਥ ਅਧਿਕਾਰੀਆਂ ਕੋਲ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਚੋਣ ਕਮਿਸ਼ਨ ਨੇ ਇਹ ਵੀ ਜ਼ੋਰ ਦਿੱਤਾ ਹੈ ਕਿ ਜਿਨ੍ਹਾਂ ਵੋਟਰਾਂ ਦੇ ਗਣਨਾ ਫਾਰਮ ਵਾਪਸ ਨਹੀਂ ਆਏ, ਉਨ੍ਹਾਂ ਲਈ ਬੂਥ ਲੈਵਲ ਅਫਸਰ (ਬੀ ਐੱਲ ਓ) ਨੇੜਲੇ ਵੋਟਰਾਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਗੈਰਹਾਜ਼ਰ, ਸ਼ਿਫਟ, ਮ੍ਰਿਤਕ ਅਤੇ ਡੁਪਲੀਕੇਟ ਐਂਟਰੀ ਵਰਗੇ ਸੰਭਾਵਤ ਕਾਰਨ ਦੀ ਪਛਾਣ ਕਰਨਗੇ ਅਤੇ ਇਸ ਨੂੰ ਨੋਟ ਕਰਨਗੇ।
ਰਾਜ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਐੱਸ ਆਈ ਆਰ ਦੌਰਾਨ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਜਾਰੀ ਕੀਤੇ ਗਏ ਨਿਰਦੇਸ਼ਾਂ ‘ਚ ਕਿਹਾ ਹੈ ਕਿ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈ ਆਰ ਓ) ਸ਼ੱਕੀ ਵਿਦੇਸ਼ੀ ਨਾਗਰਿਕਾਂ ਦੇ ਮਾਮਲਿਆਂ ਨੂੰ ਨਾਗਰਿਕਤਾ ਐਕਟ, 1955 ਦੇ ਤਹਿਤ ਸਮਰੱਥ ਅਥਾਰਟੀ ਨੂੰ ਭੇਜਣਗੇ। ਉਹ ਇਨ੍ਹਾਂ ਉਦੇਸ਼ਾਂ ਲਈ ਈ ਆਰ ਓ ਦੀਆਂ ਸ਼ਕਤੀਆਂ ਦੀ ਸੁਤੰਤਰ ਤੌਰ ‘ਤੇ ਵਰਤੋਂ ਕਰਨਗੇ।
ਜਦੋਂ ਚੋਣ ਕਮਿਸ਼ਨ ਪਿਛਲੇ ਸਾਲ ਬਿਹਾਰ ਵਿੱਚ ਐੱਸ ਆਈ ਆਰ ਦੀ ਤਿਆਰੀ ਕਰ ਰਿਹਾ ਸੀ, ਤਾਂ ਇਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਬੰਗਲਾਦੇਸ਼, ਨੇਪਾਲ ਅਤੇ ਮਿਆਂਮਾਰ ਦੇ ਕਈ ਨਾਗਰਿਕਾਂ ਨੂੰ ਇਸ ਦੇ ਜ਼ਮੀਨੀ ਪੱਧਰ ਦੇ ਅਧਿਕਾਰੀਆਂ ਨੇ ਲੱਭ ਲਿਆ ਸੀ, ਪਰ ਅੰਤ ਵਿੱਚ ਚੋਣ ਅਥਾਰਟੀ ਨੇ ਅਜਿਹੇ ਲੋਕਾਂ ਦੀ ਕੋਈ ਗਿਣਤੀ ਜਾਂ ਸਬੂਤ ਸਾਂਝੇ ਨਹੀਂ ਕੀਤੇ, ਜੋ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਦੇ ਯੋਗ ਨਹੀਂ ਸਨ।
ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਦਾਅਵਿਆਂ ਨੂੰ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨਾਲ ਨਾ ਜੁੜੇ ਵੋਟਰਾਂ ਨੂੰ ਨਿਸ਼ਾਨਾ ਬਣਾਉਣ ਲਈ ਐੱਸ ਆਈ ਆਰ ਨੂੰ ਲਾਗੂ ਕਰਨ ਦੀ ਚਾਲ ਦੱਸਿਆ ਸੀ। 14 ਮਈ ਨੂੰ ਚੋਣ ਅਥਾਰਟੀ ਨੇ 30 ਮਈ ਤੋਂ ਪੜਾਅਵਾਰ ਢੰਗ ਨਾਲ 16 ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 36.73 ਕਰੋੜ ਵੋਟਰਾਂ ਨੂੰ ਸ਼ਾਮਲ ਕਰਦੇ ਹੋਏ ਐੱਸ ਆਈ ਆਰ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐੱਸ ਆਈ ਆਰ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਦਿੱਲੀ, ਓਡੀਸ਼ਾ, ਮਿਜ਼ੋਰਮ, ਸਿੱਕਮ, ਮਨੀਪੁਰ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਤੇਲੰਗਾਨਾ, ਪੰਜਾਬ, ਕਰਨਾਟਕ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ, ਨਾਗਾਲੈਂਡ, ਤ੍ਰਿਪੁਰਾ, ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਸ਼ਾਮਲ ਹਨ। ਪੰਜਾਬ, ਝਾਰਖੰਡ, ਕਰਨਾਟਕ ਅਤੇ ਤੇਲੰਗਾਨਾ ਵਿੱਚ ਗੈਰ-ਭਾਜਪਾ ਸਰਕਾਰਾਂ ਹਨ। ਨਵੀਨਤਮ ਪੋਲ ਸੂਚੀ ਸੋਧ ਅਭਿਆਸ ਦੌਰਾਨ 3.94 ਲੱਖ ਤੋਂ ਵੱਧ ਬੀ ਐੱਲ ਓ 36.73 ਕਰੋੜ ਵੋਟਰਾਂ ਦੇ ਘਰ-ਘਰ ਜਾਣਗੇ। ਗਣਨਾ ਪੜਾਅ ਦੌਰਾਨ ਰਾਜਨੀਤਕ ਪਾਰਟੀਆਂ ਵੱਲੋਂ ਨਿਯੁਕਤ 3.42 ਲੱਖ ਬੂਥ ਪੱਧਰੀ ਏਜੰਟਾਂ (ਬੀ ਐੱਲ ਏ) ਵੱਲੋਂ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ। ਬਰਫਬਾਰੀ ਵਾਲੇ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਐੱਸ ਆਈ ਆਰ ਦੇ ਸ਼ਡਿਊਲ ਦਾ ਐਲਾਨ ਬਾਅਦ ਵਿੱਚ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਵੇਗਾ। ਐੱਸ ਆਈ ਆਰ ਦਾ ਦੂਜਾ ਅਭਿਆਸ ਬਿਹਾਰ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ, ਪੁਡੂਚੇਰੀ, ਯੂ ਪੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਗੋਆ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਵਿੱਚ ਪੂਰਾ ਹੋ ਚੁੱਕਾ ਹੈ। ਇਸ ਦੌਰਾਨ ਵੋਟਰ ਸੂਚੀਆਂ ਵਿੱਚ 10.2 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਸੀ, ਜਿਸ ਨਾਲ 60 ਲੱਖ ਤੋਂ ਵੱਧ ਮ੍ਰਿਤਕ ਵੋਟਰਾਂ ਨੂੰ ਹਟਾ ਦਿੱਤਾ ਗਿਆ ਸੀ। ਜਦੋਂ ਚੋਣ ਕਮਿਸ਼ਨ ਵੱਲੋਂ ਪਿਛਲੇ 27 ਅਕਤੂਬਰ ਨੂੰ ਐੱਸ ਆਈ ਆਰ ਦੇ ਦੂਜੇ ਪੜਾਅ ਦਾ ਐਲਾਨ ਕੀਤਾ ਗਿਆ ਸੀ ਤਾਂ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਰ 50.99 ਕਰੋੜ ਤੋਂ ਵੱਧ ਸਨ। ਇਸ ਅਭਿਆਸ ਤੋਂ ਬਾਅਦ ਵੋਟਰ ਸੂਚੀ 45.81 ਕਰੋੜ ਰਹਿ ਗਈ ਹੈ, ਜੋ ਕਿ 5.18 ਕਰੋੜ ਤੋਂ ਵੱਧ ਦੀ ਗਿਰਾਵਟ ਹੈ। ਪ੍ਰਤੀਸ਼ਤ ਦੇ ਰੂਪ ਵਿੱਚ ਵੋਟਰ ਸੂਚੀਆਂ ਵਿੱਚ 10.2 ਪ੍ਰਤੀਸ਼ਤ ਦੀ ਕਮੀ ਆਈ ਹੈ।




