ਵਾਂਗਚੁਕ ਦੀ ਮੌਜੂਦਗੀ ਨੇ ਕਾਕਰੋਚ ਜਨਤਾ ਪਾਰਟੀ ਨੂੰ ਮਜ਼ਬੂਤੀ ਦਿੱਤੀ : ਪ੍ਰਕਾਸ਼ ਰਾਜ

0
8

ਨਵੀਂ ਦਿੱਲੀ : ਆਪਣੇ ਬੇਬਾਕ ਬਿਆਨਾਂ ਅਤੇ ਸਮਾਜਿਕ-ਸਿਆਸੀ ਮੁੱਦਿਆਂ ‘ਤੇ ਖੁੱਲ੍ਹ ਕੇ ਰਾਏ ਰੱਖਣ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਹਾਲੀਆ ਪ੍ਰਦਰਸ਼ਨ ਨੂੰ ਲੈ ਕੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾ ਪੋਸਟ ਸਾਂਝੀ ਕਰਦਿਆਂ ਅੰਦੋਲਨ ਪ੍ਰਤੀ ਆਪਣੀ ਇੱਕਜੁਟਤਾ ਪ੍ਰਗਟਾਈ ਤੇ ਪ੍ਰਦਰਸ਼ਨਕਾਰੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਹੈ। ਪ੍ਰਕਾਸ਼ ਰਾਜ ਨੇ ਲਿਖਿਆ ਕਿ ਉਨ੍ਹਾ ਇਸ ਪ੍ਰਦਰਸ਼ਨ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਪਹਿਲਾਂ ਤੋਂ ਤੈਅਸ਼ੁਦਾ ਰੁਝੇਵਿਆਂ ਅਤੇ ਕੰਮਾਂ ਕਾਰਨ ਉਹ ਉੱਥੇ ਨਹੀਂ ਪਹੁੰਚ ਸਕੇ। ਉਨ੍ਹਾ ਸਪੱਸ਼ਟ ਕੀਤਾ ਕਿ ਉਹ ਪੂਰੀ ਤਰ੍ਹਾਂ ਇਸ ਅੰਦੋਲਨ ਦੇ ਨਾਲ ਖੜ੍ਹੇ ਹਨ ਅਤੇ ਇਸ ਦੇ ਉਦੇਸ਼ ਦਾ ਪੁਰਜ਼ੋਰ ਸਮਰਥਨ ਕਰਦੇ ਹਨ।
ਅਦਾਕਾਰ ਨੇ ਆਪਣੀ ਪੋਸਟ ਵਿੱਚ ਦੇਸ਼ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਪ੍ਰਕਾਸ਼ ਰਾਜ ਨੇ ਲਿਖਿਆ ਕਿ ਸਿੱਖਿਆ ਵਿਵਸਥਾ ਦੇ ਭਵਿੱਖ ਨੂੰ ਲੈ ਕੇ ਸੋਨਮ ਵਾਂਗਚੁਕ ਤੋਂ ਬਿਹਤਰ ਅਤੇ ਪ੍ਰਭਾਵਸ਼ਾਲੀ ਆਵਾਜ਼ ਸ਼ਾਇਦ ਹੀ ਕੋਈ ਹੋਰ ਹੋ ਸਕਦੀ ਹੈ। ਉਨ੍ਹਾ ਕਿਹਾ ਕਿ ਇਸ ਅੰਦੋਲਨ ਵਿੱਚ ਵਾਂਗਚੁਕ ਦੀ ਮੌਜੂਦਗੀ ਨੇ ਪ੍ਰਦਰਸ਼ਨ ਨੂੰ ਹੋਰ ਮਜ਼ਬੂਤੀ ਦਿੱਤੀ ਹੈ।