23 ਆਪੋਜ਼ੀਸ਼ਨ ਪਾਰਟੀਆਂ ਦੇ ਆਗੂਆਂ ਦਾ ਇਕੱਠ ਅੱਜ

0
10

ਨਵੀਂ ਦਿੱਲੀ (ਨ ਜ਼ ਸ)-ਕਾਂਗਰਸ ਨੇ ਕਿਹਾ ਕਿ ਸੋਮਵਾਰ ਨਵੀਂ ਦਿੱਲੀ ਵਿੱਚ ਇੰਡੀਆ ਬਲਾਕ ਦੀ ਮੀਟਿੰਗ ਵਿੱਚ 23 ਸਿਆਸੀ ਪਾਰਟੀਆਂ ਨੇ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ‘ਭਾਰਤ ਜਨਬੰਧਨ’ ਇਕੱਠ ਵਜੋਂ ਜਾਣੀ ਜਾਂਦੀ ਇਹ ਮੀਟਿੰਗ ਕਾਂਸਟੀਟਿਊਸ਼ਨ ਕਲੱਬ ਵਿਖੇ ਹੋਵੇਗੀ ਅਤੇ ਇਸ ਵਿੱਚ ਗੱਠਜੋੜ ਦੀ ਭਵਿੱਖ ਦੀ ਰਣਨੀਤੀ ‘ਤੇ ਚਰਚਾ ਹੋਣ ਦੀ ਉਮੀਦ ਹੈ, ਜਿਸ ਵਿੱਚ 2029 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ਾਮਲ ਹਨ। ਐੱਕਸ ‘ਤੇ ਇੱਕ ਪੋਸਟ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ 23 ਸਿਆਸੀ ਪਾਰਟੀਆਂ ਨੇ ਸੋਮਵਾਰ 8 ਜੂਨ ਨੂੰ ਦੁਪਹਿਰ 12 ਵਜੇ ਨਵੀਂ ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਵਿਖੇ ਇੰਡੀਆ ਜਨਬੰਧਨ ਮੀਟਿੰਗ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਰਮੇਸ਼ ਦੀ ਪੋਸਟ ਨੂੰ ਟੈਗ ਕਰਦੇ ਹੋਏ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਸੰਸਦ ਮੈਂਬਰ ਡੇਰੇਕ ਓ’ਬ੍ਰਾਇਨ ਨੇ ਕਿਹਾ, ‘ਇੱਕ ਸਾਂਝੇ ਉਦੇਸ਼ ਅਤੇ ਸਪੱਸ਼ਟ ਇਰਾਦੇ ਨਾਲ ਮੀਟਿੰਗ, ਭਾਰਤ ਇੱਕਜੁੱਟ ਹੈ। ਬਹੁਤ ਸਾਰੀਆਂ ਪਾਰਟੀਆਂ ਦੋਸਤੀ ਦੀ ਭਾਵਨਾ ਨਾਲ ਮੀਟਿੰਗ ਕਰਨ ਲਈ ਉਤਸੁਕ ਹਨ।’ ਰਮੇਸ਼ ਨੇ ਕਿਹਾ ਕਿ ਕੁਝ ਪਾਰਟੀਆਂ ਹਨ, ਜਿਨ੍ਹਾਂ ਨੇ ਆਪਣੇ ਕਾਰਨਾਂ ਕਰਕੇ ਇਸ ਖਾਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਅਸਮਰੱਥਾ ਜ਼ਾਹਰ ਕੀਤੀ ਹੈ, ਹਾਲਾਂ ਕਿ ਉਨ੍ਹਾਂ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਕਾਰਵਾਈਆਂ ਦਾ ਸਖ਼ਤ ਵਿਰੋਧ ਕੀਤਾ ਹੈ, ਜਿਨ੍ਹਾਂ ਕਾਰਵਾਈਆਂ ਤਹਿਤ ਲੱਖਾਂ ਭਾਰਤੀਆਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ, ਰੋਜ਼ਾਨਾ ਸੰਵਿਧਾਨ ‘ਤੇ ਹਮਲਾ ਕੀਤਾ ਜਾ ਰਿਹਾ ਹੈ ਤੇ ਜਾਂਚ ਏਜੰਸੀਆਂ ਰਾਹੀਂ ਵਿਰੋਧੀ ਆਗੂਆਂ ‘ਤੇ ਹਮਲੇ ਹੋ ਰਹੇ ਹਨ। ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਰੋੜਾਂ ਭਾਰਤੀਆਂ ਦੀ ਰੋਜ਼ੀ-ਰੋਟੀ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀਆਂ ਹਨ, ਲਗਾਤਾਰ ਮਹਿੰਗਾਈ ਰਾਹੀਂ ਘਰੇਲੂ ਬਜਟ ਨੂੰ ਤੋੜ ਰਹੀਆਂ ਹਨ, ਲੱਖਾਂ ਨੌਜਵਾਨਾਂ ਦੀਆਂ ਉਮੀਦਾਂ ਤੇ ਇੱਛਾਵਾਂ ਨਾਲ ਧੋਖਾ ਕਰ ਰਹੀਆਂ ਹਨ, ਨਿਵੇਸ਼ ਦੇ ਮਾਹੌਲ ਨੂੰ ਕਮਜ਼ੋਰ ਕਰ ਰਹੀਆਂ ਹਨ। ਮੋਦੀ ਸਰਕਾਰ ਆਪਣੀ ਵਿਦੇਸ਼ ਨੀਤੀ ਦੁਆਰਾ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਕਰ ਰਹੀ ਹੈ।