ਈਰਾਨ ਤੇ ਇਜ਼ਰਾਈਲ ਮਿਜ਼ਾਈਲੋ-ਮਿਜ਼ਾਈਲੀ, ਟਰੰਪ ਪ੍ਰੇਸ਼ਾਨ

0
8

ਦੁਬਈ (ਨ ਜ਼ ਸ)-ਐਤਵਾਰ ਦੇਰ ਰਾਤ ਇਜ਼ਰਾਈਲ ਤੇ ਈਰਾਨ ਦੇ ਮਿਜ਼ਾਈਲੋ-ਮਿਜ਼ਾਈਲੀ ਹੋਣ ਨਾਲ ਪੱਛਮੀ ਏਸ਼ੀਆ ਵਿੱਚ ਜੰਗ ਮੁੜ ਭੜਕਣ ਦਾ ਖਤਰਾ ਪੈਦਾ ਹੋ ਗਿਆ ਸੀ, ਪਰ ਟਰੰਪ ਦੇ ਕਹਿਣ ‘ਤੇ ਈਰਾਨ ਨੇ ਹੋਰ ਹਮਲੇ ਬੰਦ ਕਰ ਦਿੱਤੇ। 8 ਅਪ੍ਰੈਲ ਨੂੰ ਆਰਜ਼ੀ ਜੰਗਬੰਦੀ ਤੋਂ ਬਾਅਦ ਦੋਹਾਂ ਨੇ ਇੱਕ-ਦੂਜੇ ‘ਤੇ ਪਹਿਲੀ ਵਾਰ ਮਿਜ਼ਾਈਲਾਂ ਦਾਗੀਆਂ। ਇਸ ਦੌਰਾਨ ਯਮਨ ਵਿੱਚ ਈਰਾਨ ਹਮਾਇਤੀ ਹੂਤੀ ਬਾਗੀਆਂ ਨੇ ਵੀ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ ਅਤੇ ਇਜ਼ਰਾਈਲੀ ਜਹਾਜ਼ਾਂ ਦੇ ਲਾਲ ਸਾਗਰ ਵਿੱਚੋਂ ਲੰਘਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਈਰਾਨ ਦੇ ਤਾਜ਼ਾ ਮਿਜ਼ਾਈਲ ਹਮਲਿਆਂ ਦਾ ਜਵਾਬ ਨਾ ਦੇਣ ਲਈ ਕਿਹੈ। ਟਰੰਪ ਦਾ ਕਹਿਣਾ ਸੈ ਕਿ ਅਜਿਹਾ ਕਰਨ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਹੋ ਰਹੀ ਸ਼ਾਂਤੀ ਗੱਲਬਾਤ ਖਤਰੇ ਵਿੱਚ ਪੈ ਸਕਦੀ ਹੈ।
ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਅਤੇ ਈਰਾਨ ਸਮਝੌਤੇ ਦੇ ਬਹੁਤ ਨੇੜੇ ਹਨ ਅਤੇ ਅਗਲੇ ਕੁਝ ਦਿਨਾਂ (ਸੋਮਵਾਰ, ਮੰਗਲਵਾਰ ਜਾਂ ਬੁੱਧਵਾਰ) ਇਸ ‘ਤੇ ਦਸਤਖਤ ਹੋ ਸਕਦੇ ਹਨ। ਉਨ੍ਹਾ ਨੇ ਈਰਾਨ ਨੂੰ ਵੀ ਕਿਹਾ ਕਿ ਉਨ੍ਹਾਂ ਨੇ ਮਿਜ਼ਾਈਲਾਂ ਦਾਗ ਕੇ ਆਪਣਾ ‘ਸ਼ੌਕ’ ਪੂਰਾ ਕਰ ਲਿਆ ਹੈ, ਹੁਣ ਉਹ ਵਾਪਸ ਗੱਲਬਾਤ ਦੀ ਮੇਜ਼ ‘ਤੇ ਆਉਣ ਅਤੇ ਡੀਲ ਪੂਰੀ ਕਰਨ। ਟਰੰਪ ਮੁਤਾਬਕ ਈਰਾਨੀ ਹਮਲੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆ ਹੈ, ਇਸ ਲਈ ਇਜ਼ਰਾਈਲ ਨੂੰ ਹੁਣ ਪਲਟਵਾਰ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਸਿਲਸਿਲਾ ਇਵੇਂ ਹੀ ਚੱਲਦਾ ਰਹੇਗਾ। ਟਰੰਪ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਅਮਰੀਕਾ ਜੋ ਵੀ ਸਮਝੌਤਾ ਕਰੇਗਾ, ਨੇਤਨਯਾਹੂ ਕੋਲ ਉਸ ਨੂੰ ਮੰਨਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੋਵੇਗਾ, ਕਿਉਂਕਿ ਸਾਰੇ ਫੈਸਲੇ ਮੈਂ (ਟਰੰਪ) ਲੈਂਦਾ ਹਾਂ। ਟਰੰਪ ਨੇ ਐਤਵਾਰ ਨੂੰ ਬੇਰੂਤ ‘ਤੇ ਹੋਏ ਇਜ਼ਰਾਈਲੀ ਹਮਲਿਆਂ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਇਸ ਤੋਂ ਖੁਸ਼ ਨਹੀਂ ਹਨ।
ਇੱਕ ਅਮਰੀਕੀ ਅਧਿਕਾਰੀ ਮੁਤਾਬਕ, ਜਦੋਂ ਟਰੰਪ ਨੇ ਨੇਤਨਯਾਹੂ ਨੂੰ ਫੋਨ ਕਰਕੇ ਹਮਲੇ ਰੋਕਣ ਲਈ ਕਿਹਾ, ਤਾਂ ਪਹਿਲਾਂ ਨੇਤਨਯਾਹੂ ਨੇ ਇਸ ਦਾ ਵਿਰੋਧ ਕੀਤਾ, ਪਰ ਬਾਅਦ ਵਿੱਚ ਉਹ ਅੱਗੇ ਨਾ ਵਧਣ ਲਈ ‘ਅੱਧੇ-ਅਧੂਰੇ’ ਮਨ ਨਾਲ ਰਾਜ਼ੀ ਹੋ ਗਿਆ। ਇਹ ਫੋਨ ਕਾਲ ਪਿਛਲੇ ਹਫਤੇ ਦੇ ਮੁਕਾਬਲੇ ਕਾਫੀ ਸ਼ਾਂਤ ਸੀ ਅਤੇ ਟਰੰਪ ਨੇ ਨੇਤਨਯਾਹੂ ‘ਤੇ ਆਪਣੀ ਆਵਾਜ਼ ਉੱਚੀ ਨਹੀਂ ਕੀਤੀ।