ਜਲੰਧਰ (ਕੇਸਰ)
ਬਰਕਤ ਉੱਲਾ ਯੂਨੀਵਰਸਿਟੀ ਭੂਪਾਲ, ਮੱਧ ਪ੍ਰਦੇਸ਼ ਦਾ ਨਾਂਅ ਬਦਲਣ ਲਈ ਯੂਨੀਵਰਸਿਟੀ ਦੀ ਐਗਜ਼ੈਕਟਿਵ ਕੌਂਸਲ ਵੱਲੋਂ ਪਾਸ ਕੀਤੇ ਮਤੇ ਦੀ ਸਖ਼ਤ ਨਿੰਦਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਬਿਆਨ ‘ਚ ਕਿਹਾ ਕਿ ਸਾਡੇ ਮੁਲਕ ਦੀ ਆਜ਼ਾਦੀ ਦੇ ਸੰਘਰਸ਼ ਅੰਦਰ ਵਿਲੱਖਣ, ਇਨਕਲਾਬੀ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦੇ ਬਾਨੀਆਂ ਦੀ ਸਿਰਮੌਰ ਟੀਮ ਵਿੱਚ ਮੀਤ ਪ੍ਰਧਾਨ ਦੀਆਂ ਸੇਵਾਵਾਂ ਅਦਾ ਕਰਨ ਵਾਲੇ ਪ੍ਰੋ. ਬਰਕਤ ਉੱਲਾ ਦੇ ਨਾਂਅ ‘ਤੇ 1984 ਤੋਂ ਚਲੀ ਆਉਂਦੀ ਯੂਨੀਵਰਸਿਟੀ ਦਾ ਨਾਂਅ ਬਦਲਣ ਦਾ ਪ੍ਰਸਤਾਵ ਲਿਆਉਣਾ ਹੀ ਆਪਣੇ ਆਪ ‘ਚ ਗ਼ਦਰ ਲਹਿਰ ਅਤੇ ਸਮੁੱਚੇ ਆਜ਼ਾਦੀ ਸੰਗਰਾਮ ਦੀ ਤੌਹੀਨ ਕਰਨਾ ਹੈ, ਜਿਸ ਖ਼ਿਲਾਫ਼ ਦੇਸ਼-ਬਦੇਸ਼ ਅੰਦਰ ਜ਼ਬਰਦਸਤ ਵਿਰੋਧ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਦਾ ਵਿਚਾਰ ਹੈ ਕਿ ਇਹ ਮਹਿਜ਼ ਯੂਨੀਵਰਸਿਟੀ ਦੀ ਐਗਜ਼ੈਕਟਿਵ ਕੌਂਸਲ ਨੂੰ ਹੀ ਫੁਰਿਆ ਫੁਰਨਾ ਨਹੀਂ, ਸਗੋਂ ਸਾਡੇ ਮੁਲਕ ਅੰਦਰ ਜੋ ਅੰਨ੍ਹੀ ਦੌੜ ਆਰ ਐੱਸ ਐੱਸ ਦੇ ਇਸ਼ਾਰਿਆਂ ‘ਤੇ ਮੋਦੀ-ਅਮਿਤ ਸ਼ਾਹ ਦੀ ਭਾਜਪਾ ਹਕੂਮਤ ਦੌੜ ਰਹੀ ਹੈ, ਇਹ ਉਸ ਦੇ ਵਿਸਥਾਰਤ ਏਜੰਡੇ ਦੀ ਲੜੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਜੇਕਰ ਇਨ੍ਹਾਂ ਕਦਮਾਂ ਨੂੰ ਠੱਲ੍ਹ ਪਾਉਣ ਲਈ ਬੁੱਧੀਜੀਵੀ, ਅਧਿਆਪਕ, ਵਿਦਿਆਰਥੀ, ਸਮਾਜ ਹਿਤੈਸ਼ੀ ਧੜੱਲੇ ਨਾਲ ਆਵਾਜ਼ ਬੁਲੰਦ ਕਰਨ ਲਈ ਅੱਗੇ ਨਾ ਆਏ ਤਾਂ ਭਵਿੱਖ਼ ਵਿੱਚ ਅਜਿਹੇ ਕਦਮਾਂ ਦੀ ਭਰਮਾਰ ਆਏਗੀ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਆਪਣੇ ਖ਼ਦਸ਼ਿਆਂ ਦੀ ਪ੍ਰਮਾਣਿਕਤਾ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਕਦੇ ਕਾਕੋਰੀ ਕਾਂਡ ਦੇ ਅਮਰ ਸ਼ਹੀਦਾਂ ਦੇ ਬੁੱਤ ਤੋੜਨਾ, ਕਦੇ ਜਲ੍ਹਿਆਂ ਵਾਲੇ ਬਾਗ਼ ਵਰਗੀ ਕੌਮੀ ਇਬਾਦਤਗਾਹ ਦਾ ਹੁਲੀਆ ਵਿਗਾੜ ਕੇ ਬਾਗ਼ ਦੇ ਮੌਲਿਕ ਇਤਿਹਾਸਕ ਮੁਹਾਂਦਰੇ ਵਿੱਚ ਖੋਟ ਰਲਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਉਂ ਹੀ ਭਵਿੱਖ਼ ਵਿੱਚ ਇੱਕ ਤੋਂ ਬਾਅਦ ਦੂਜੀ ਅਜਿਹੀ ਘਟਨਾ ਸਾਡੇ ਬੂਹੇ ਦਸਤਕ ਦੇਵੇਗੀ।
7 ਜੁਲਾਈ 1854 ਨੂੰ ਭੂਪਾਲ ਵਿੱਚ ਜਨਮੇ, ਉੱਚ ਵਿੱਦਿਆ ਹਾਸਲ ਕਰਨ ਲਈ ਬਦੇਸ਼ ਗਏ ਅਤੇ ਅਮਰੀਕਾ ਦੀ ਧਰਤੀ ‘ਤੇ ਗਠਿਤ ਹੋਈ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵਰਗਿਆਂ ਨਾਲ਼ ਅਗਲੀ ਕਤਾਰ ਵਿੱਚ ਹੋ ਕੇ ਗ਼ਦਰ ਪਾਰਟੀ ‘ਚ ਕੰਮ ਕਰਨ ਵਾਲੇ ਪ੍ਰੋ. ਬਰਕਤ ਉੱਲਾ ਬਾਰੇ ਇਹ ਕਹਿਣਾ ਕਿ ‘ਉਹਨਾ ਨੇ ਬਦੇਸ਼ ਵਿੱਚ ਕੰਮ ਕੀਤਾ ਹੋਏਗਾ, ਪਰ ਮੁਲਕ ਦੀ ਆਜ਼ਾਦੀ ਲਹਿਰ ਨਾਲ ਉਹਨਾ ਦਾ ਨਾਂਅ ਜੋੜਨਾ ਠੀਕ ਨਹੀਂ’ ਇਹ ਦਰਸਾਉਂਦਾ ਹੈ ਕਿ ਹੋਰ ਜਿੰਨੇ ਵੀ ਆਜ਼ਾਦੀ ਸੰਗਰਾਮ ਦੇ ਪਰਵਾਨੇ ਆਪਣੀ ਤਨ, ਮਨ, ਧਨ ਸਭ ਕੁਝ ਕੁਰਬਾਨ ਕਰ ਗਏ, ਉਹਨਾਂ ਨੂੰ ਬਾਹਰਲੇ ਦੱਸਣ ਵਾਲੀ ਐਨਕ ਨਾਲ ਵੇਖਣਾ ਭਾਜਪਾ ਹਕੂਮਤ ਦੇ ਗਹਿਰੇ ਕੋਝੇ ਮੰਤਵਾਂ ਦੀ ਗਵਾਹੀ ਦਿੰਦਾ ਹੈ। ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਨੂੰ ਬਰਕਤ ਉੱਲਾ ਯੂਨੀਵਰਸਿਟੀ ਦਾ ਨਾਂਅ ਬਦਲਣ ਪਿੱਛੇ ਕੰਮ ਕਰਦੇ ਫ਼ਿਰਕੂ ਫਾਸ਼ੀ ਮੰਤਵਾਂ ਨੂੰ ਸਮਝਦੇ ਹੋਏ ਵਿਸ਼ਾਲ ਜਨਤਕ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।





