ਬੈਂਕਾਕ : ਸਾਬਕਾ ਪੁਲਸ ਅਫਸਰ ਨੇ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ ਵਿਚ ਡੇ-ਕੇਅਰ ਸੈਂਟਰ ਵਿਚ ਗੋਲੀਆਂ ਚਲਾ ਕੇ 22 ਬੱਚਿਆਂ ਸਣੇ 34 ਲੋਕਾਂ ਨੂੰ ਮਾਰ ਦਿੱਤਾ। ਫਿਰ ਆਪਣੀ ਪਤਨੀ ਤੇ ਬੱਚੇ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਮਿ੍ਰਤਕਾਂ ਵਿਚ ਦੋ ਸਾਲ ਤੱਕ ਦੇ ਬੱਚੇ ਵੀ ਸਨ। ਬੰਦੂਕਧਾਰੀ ਨੇ ਨੋਂਗਬੁਆ ਲੰਫੂ ਕਸਬੇ ਵਿਚ ਸਥਿਤ ਸੈਂਟਰ ’ਚ ਬਾਅਦ ਦੁਪਹਿਰ ਗੋਲੀਆਂ ਚਲਾਈਆਂ। ਸਾਬਕਾ ਪੁਲਸ ਅਫਸਰ ਕਾਰਪੋਰਲ ਪਾਨਯਾ ਖਮਰਬ (34) ਬੰਦੂਕਾਂ ਤੇ ਚਾਕੂਆਂ ਨਾਲ ਲੈਸ ਸੀ। ਡਰੱਗ ਸੰਬੰਧੀ ਮਾਮਲੇ ਵਿਚ ਉਸ ਨੂੰ ਪੁਲਸ ਵਿੱਚੋਂ ਹਟਾ ਦਿੱਤਾ ਗਿਆ ਸੀ। ਉਹ ਲੰਚ ਟਾਈਮ ਵੇਲੇ ਸੈਂਟਰ ਵਿਚ ਪੁੱਜਾ। ਉਦੋਂ ਉਥੇ ਕਰੀਬ 30 ਬੱਚੇ ਸਨ। ਪਹਿਲਾਂ ਉਸ ਨੇ ਸਟਾਫ ਦੇ ਚਾਰ-ਪੰਜ ਮੈਂਬਰਾਂ ਨੂੰ ਮਾਰਿਆ। ਇਨ੍ਹਾਂ ਵਿਚ ਅੱਠ ਮਹੀਨਿਆਂ ਦੀ ਗਰਭਵਤੀ ਟੀਚਰ ਵੀ ਸੀ। ਫਿਰ ਇਕ ਕਮਰੇ ਵਿਚ ਵੜਿਆ, ਜਿਥੇ ਬੱਚੇ ਸੌਂ ਰਹੇ ਸਨ। ਗੋਲੀਆਂ ਚੱਲਣ ਵੇਲੇ ਨੇੜੇ ਹੀ ਕੰਮ ਕਰ ਰਹੇ ਅਧਿਕਾਰੀ ਜਿਡਾਪਾ ਬੂਨਸੋਮ ਨੇ ਸੋਚਿਆ ਕਿ ਪਟਾਕੇ ਚੱਲ ਰਹੇ ਹਨ। ਬਾਅਦ ਵਿਚ ਗੋਲੀਬਾਰੀ ਦਾ ਪਤਾ ਲੱਗਿਆ।
ਵੁੱਠੂਚਾਈ ਬਾਓਥਾਂਗ ਨਾਂਅ ਦੇ ਇਕ ਵਿਅਕਤੀ ਨੇ ਘਟਨਾ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਉਸ ਦਾ ਭਤੀਜਾ ਵੀ ਸੈਂਟਰ ਵਿਚ ਸੀ। ਉਹ ਘਟਨਾ ਤੋਂ ਪਹਿਲਾਂ ਸੌਣ ਚਲੇ ਗਿਆ ਸੀ ਤੇ ਕੰਬਲ ਲੈ ਕੇ ਸੌਂ ਰਿਹਾ ਸੀ। ਡੂੰਘੀ ਨੀਂਦ ਕਾਰਨ ਉਸ ਦੀ ਅੱਖ ਨਹੀਂ ਖੁੱਲ੍ਹੀ ਤੇ ਹਮਲਾਵਰ ਨੇ ਵੀ ਉਸ ਨੂੰ ਮਰਿਆ ਸਮਝ ਲਿਆ। ਇਸ ਤਰ੍ਹਾਂ ਉਹ ਬਚ ਗਿਆ। ਥਾਈਲੈਂਡ ਦੇ ਸੈਂਟਰਲ ਇਨਵੈਸਟੀਗੇਸ਼ਨ ਬਿਊਰੋ (ਸੀ ਆਈ ਬੀ) ਦੇ ਅਫਸਰ ਮੇਜਰ ਜਨਰਲ ਜ਼ਿਰਾਪੋਬ ਪੁਰੀਡੇਟ ਮੁਤਾਬਕ ਖਮਰਬ ਕਾਫੀ ਪੜ੍ਹਿਆ-ਲਿਖਿਆ ਤੇ ਫਿੱਟ ਸੀ। ਪੁਲਸ ਵਿਚ ਅਫਸਰ ਬਣਿਆ, ਪਰ ਕੁਝ ਮਹੀਨਿਆਂ ਵਿਚ ਹੀ ਡਰੱਗ ਸਮੱਗਲਿੰਗ ਨਾਲ ਜੁੜ ਗਿਆ। ਡਰੱਗ ਟੈੱਸਟ ’ਚ ਫੇਲ੍ਹ ਹੋਣ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਉਹ ਫੁਲਟਾਈਮ ਸਮੱਗਲਰ ਬਣ ਗਿਆ। ਇਕ ਵਾਰ ਉਸ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਸੀ ਤੇ ਉਹ ਕੇਸ ਕੋਰਟ ਵਿਚ ਚੱਲ ਰਿਹਾ ਸੀ। ਲੱਗਦਾ ਹੈ ਕਿ ਉਹ ਨੌਕਰੀ ਤੋਂ ਕੱਢੇ ਜਾਣ ਕਰਕੇ ਔਖਾ ਸੀ। 8 ਫਰਵਰੀ 2020 ਵਿਚ ਥਾਈਲੈਂਡ ਦੇ ਨਾਖੋ ਰਤਚਾਸਿਮਾ ਸ਼ਹਿਰ ਦੇ ਮਸ਼ਹੂਰ ਟਰਮੀਨਲ 21 ਸ਼ਾਪਿੰਗ ਮਾਲ ਵਿਚ ਇਕ ਸਾਬਕਾ ਫੌਜੀ ਨੇ ਜਾਇਦਾਦ ਦੇ ਸੌਦੇ ਤੋਂ ਖਿਝ ਕੇ 29 ਲੋਕਾਂ ਨੂੰ ਮਾਰ ਦਿੱਤਾ ਸੀ ਤੇ 57 ਨੂੰ ਜ਼ਖਮੀ ਕਰ ਦਿੱਤਾ ਸੀ। ਥਾਈਲੈਂਡ ਵਿਚ ਗੰਨ ਕਲਚਰ ਕੁਝ ਸਾਲਾਂ ’ਚ ਤੇਜ਼ੀ ਨਾਲ ਵਧਿਆ ਹੈ ਤੇ ਉਥੇ ਗੰਨ ਰੱਖਣ ਵਾਲਿਆਂ ਦੀ ਗਿਣਤੀ ਗੁਆਂਢੀ ਦੇਸ਼ਾਂ ਨਾਲੋਂ ਵੱਧ ਹੈ।





