ਨਵੀਂ ਦਿੱਲੀ (ਨ ਜ਼ ਸ)
ਵਿਦਿਆਰਥੀ ਕਾਰਕੁਨ ਉਮਰ ਖਾਲਿਦ ਨੇ ਕਿਹਾ ਹੈ ਕਿ ਸਾਲਾਂ ਦੀ ਕੈਦ ਨੇ ਉਸ ਤੋਂ ਇਨਸਾਨੀਅਤ ਅਤੇ ਕਈ ਵਾਰ ਸਮਝਦਾਰੀ ਦੋਵਾਂ ਨੂੰ ਖੋਹ ਲਿਆ ਹੈ, ਕਿਉਂਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਇੱਕ ਅਜਿਹੇ ਸਮਾਜ ਦੀ ਪ੍ਰਧਾਨਗੀ ਕਰ ਰਹੀ, ਜਿੱਥੇ ਨਫਰਤ ਅਤੇ ਗਲਤ ਜਾਣਕਾਰੀ ਆਮ ਗੱਲ ਹੋ ਗਈ ਹੈ।
2020 ਵਿੱਚ ਦਿੱਲੀ ਦੰਗਿਆਂ ਨਾਲ ਸੰਬੰਧਤ ਦੋਸ਼ਾਂ ਵਿੱਚ ਜੇਲ੍ਹ ਜਾਣ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਵਿੱਚ ਖਾਲਿਦ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬਿਨਾਂ ਕਿਸੇ ਮੁਕੱਦਮੇ ਦੇ ਲਗਪਗ ਛੇ ਸਾਲ ਬਿਤਾਉਣ ਦੇ ਮਨੋਵਿਗਿਆਨਕ ਨੁਕਸਾਨ ਦਾ ਵਰਣਨ ਕੀਤਾ ਹੈ। ਉਸ ਨੇ ਇੰਗਲੈਂਡ ਦੇ ਅਖਬਾਰ ‘ਦੀ ਗਾਰਡੀਅਨ’ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘ਤੁਸੀਂ ਆਪਣੇ ਬਾਰੇ ਉਨ੍ਹਾਂ ਸਾਥੀ ਕੈਦੀਆਂ, ਜਿਨ੍ਹਾਂ ਨਾਲ ਤੁਸੀਂ ਖਾਣਾ ਸਾਂਝਾ ਕਰਦੇ ਹੋ, ਤੋਂ ਵੀ ਅਜਿਹੀ ਫੁਸਰ-ਫੁਸਰ ਸੁਣਦੇ ਹੋ ਕਿ ਇਹ ਤਾਂ ਦਹਿਸ਼ਤਗਰਦ ਹੈ। ਇਹ ਪ੍ਰਚਾਰ ਲੋਕਾਂ ਦੀਆਂ ਨਜ਼ਰਾਂ ਵਿੱਚ ਮੈਨੂੰ ਘਟੀਆ ਬਣਾਉਂਦਾ ਹੈ।’
ਖਾਲਿਦ ਨੇ ਪਾਬੰਦੀਆਂ ਕਾਰਨ ਪਰਵਾਰਕ ਮੈਂਬਰਾਂ ਅਤੇ ਦੋਸਤਾਂ ਰਾਹੀਂ ‘ਦੀ ਗਾਰਡੀਅਨ’ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, ‘ਮਨੁੱਖਤਾ ਇੱਕ ਅਜਿਹਾ ਸਨਮਾਨ ਹੈ, ਜੋ ਮੇਰੇ ਵਰਗੇ ਲੋਕਾਂ ਨੂੰ ਨਹੀਂ ਦਿੱਤਾ ਜਾਂਦਾ।’ ਸਲਾਖਾਂ ਪਿੱਛੇ ਬਿਤਾਏ ਸਾਲਾਂ ਨੂੰ ਦਰਸਾਉਂਦਿਆਂ 38 ਸਾਲਾ ਖਾਲਿਦ ਨੇ ਕਿਹਾ ਕਿ ਉਸ ਦੇ ਆਲੇ-ਦੁਆਲੇ ਬਣਾਇਆ ਗਿਆ, ਉਸ ਦਾ ਜਨਤਕ ਅਕਸਰ ਅਕਸਰ ਇੱਕ ਵਿਅਕਤੀ ਵਜੋਂ ਉਸ ਦੀ ਪਛਾਣ ਨੂੰ ਢੱਕ ਦਿੰਦਾ ਹੈ। ‘ਜਦੋਂ ਤੁਸੀਂ ਸਿਰਫ ਇੱਕ ਅਕਸ ਤੱਕ ਸੀਮਤ ਹੋ ਜਾਂਦੇ ਹੋ, ਭਾਵੇਂ ਉਹ ਨਕਾਰਾਤਮਕ ਹੋਵੇ ਜਾਂ ਸਕਾਰਾਤਮਕ, ਤਾਂ ਨਾ ਸਿਰਫ ਆਪਣੀ ਇਨਸਾਨੀਅਤ ਨੂੰ, ਸਗੋਂ ਕਈ ਵਾਰ ਆਪਣੀ ਸਮਝਦਾਰੀ ਨੂੰ ਵੀ ਬਣਾਈ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਜਿਹੜੇ ਲੋਕ ਤੁਹਾਡੇ ਨਾਲ ਹਮਦਰਦੀ ਰੱਖਦੇ ਹਨ ਜਾਂ ਤੁਹਾਨੂੰ ਤੁਹਾਡੇ ਤੋਂ ਵੱਡੇ ਵਿਅਕਤੀ ਵਜੋਂ ਪੇਸ਼ ਕਰਦੇ ਹਨ, ਉਹ ਵੀ ਭੁੱਲ ਜਾਂਦੇ ਹਨ ਕਿ ਮੈਂ ਇੱਕ ਅਜਿਹਾ ਇਨਸਾਨ ਹਾਂ, ਜਿਸ ਵਿੱਚ ਆਪਣੀਆਂ ਕਮਜ਼ੋਰੀਆਂ, ਡਰ ਅਤੇ ਕਮੀਆਂ ਹਨ ਅਤੇ ਇਹ ਕਿ ਜੇਲ੍ਹ ਵਿੱਚ ਇਨ੍ਹਾਂ ਲੰਮੇ ਸਾਲਾਂ ਨੇ ਮੇਰੇ ਮਨ ਅਤੇ ਸਰੀਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।’
ਖਾਲਿਦ ਨੂੰ ਸਤੰਬਰ 2020 ਵਿੱਚ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਤਹਿਤ 2020 ਦੇ ਦਿੱਲੀ ਦੰਗਿਆਂ ਵਿੱਚ ਮੁੱਖ ਸਾਜ਼ਿਸ਼ਕਰਤਾ ਹੋਣ ਅਤੇ ਸਟੇਟ ਖਿਲਾਫ ਹਿੰਸਾ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਖਾਲਿਦ ਨੇ ਲਗਾਤਾਰ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਖਾਲਿਦ ਨੇ ‘ਦੀ ਗਾਰਡੀਅਨ’ ਨੂੰ ਦੱਸਿਆ ਕਿ ਜੇਲ੍ਹ ਨੇ ਦੇਸ਼ ਦੇ ਰਾਜਨੀਤਕ ਮਾਹੌਲ ਬਾਰੇ ਉਸ ਦੇ ਵਿਚਾਰ ਨਹੀਂ ਬਦਲੇ ਹਨ।
ਉਸ ਨੇ ਨਫਰਤ ਭਰੇ ਭਾਸ਼ਣਾਂ ਅਤੇ ਨਸਲਕੁਸ਼ੀ ਵਾਲੀ ਭਾਸ਼ਾ ਦੇ ਸਧਾਰਨੀਕਰਨ ਅਤੇ ਵਡਿਆਈ ਵਜੋਂ ਵਰਣਨ ‘ਤੇ ਚਿੰਤਾ ਪ੍ਰਗਟ ਕੀਤੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇਤਾ ਨੇ ਕਾਰਕੁਨਾਂ ਅਤੇ ਅਸਹਿਮਤੀ ਪ੍ਰਗਟਾਉਣ ਵਾਲਿਆਂ ਨੂੰ ਜੇਲ੍ਹਾਂ ‘ਚ ਡੱਕਣ ‘ਤੇ ਸਿਆਸਤਦਾਨਾਂ ਅਤੇ ਸਿਵਲ ਸਮਾਜ ਦੇ ਵਰਗਾਂ ਦੀ ਚੁੱਪੀ ਦੀ ਵੀ ਆਲੋਚਨਾ ਕੀਤੀ। ਉਸ ਨੇ ਕਿਹਾ, ‘ਛੇ ਸਾਲ ਬਾਅਦ ਮੈਂ ਇਹ ਜ਼ਰੂਰ ਕਹਾਂਗਾ ਕਿ ਮੈਂ ਸੱਚਮੁੱਚ ਨਿਰਾਸ਼ ਹਾਂ ਅਤੇ ਇੱਥੋਂ ਤੱਕ ਕਿ ਨਿੱਖੜਿਆ ਮਹਿਸੂਸ ਕਰ ਰਿਹਾ ਹਾਂ। ਵਿਰੋਧੀ ਪਾਰਟੀਆਂ, ਸਿਵਲ ਸੁਸਾਇਟੀ ਸਮੂਹਾਂ, ਮਸ਼ਹੂਰ ਕਾਰਕੁਨਾਂ, ਜਿਨ੍ਹਾਂ ਲੋਕਾਂ ਦੇ ਅੰਦੋਲਨਾਂ ਦੇ ਸਹਾਰੇ ਆਪਣਾ ਕੈਰੀਅਰ ਬਣਾਇਆ ਹੈ, ਦੀ ਚੁੱਪੀ ਇਸ ਹਕੂਮਤ ਨੂੰ ਅਸੰਤੁਸ਼ਟਾਂ ਦਾ ਪਿੱਛਾ ਕਰਨ ਲਈ ਸ਼ਿਸ਼ਕਾਰਦੀ ਹੈ।’ ਖਾਲਿਦ ਨੇ ਕਿਹਾ ਕਿ ਕਈ ਸਾਲ ਜੇਲ੍ਹ ਵਿੱਚ ਰਹਿਣ ਦੇ ਬਾਵਜੂਦ ਉਸ ਨੇ ਆਪਣਾ ਈਮਾਨ ਨਹੀਂ ਛੱਡਿਆ। 2019 ਵਿੱਚ ਨਾਗਰਿਕਤਾ ਵਿਰੋਧੀ ਕਾਨੂੰਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਪਣੇ ਸੰਦੇਸ਼ ਨੂੰ ਯਾਦ ਕਰਦੇ ਹੋਏ ਉਸ ਨੇ ਇਸ ਦਰਸ਼ਨ ਨੂੰ ਦੁਹਰਾਇਆ, ਜਿਸ ਨੇ ਉਸ ਦੀ ਸਰਗਰਮੀ ਨੂੰ ਸੇਧ ਦਿੱਤੀ : ਅਸੀਂ ਹਿੰਸਾ ਦਾ ਜਵਾਬ ਹਿੰਸਾ ਨਾਲ ਨਹੀਂ ਦੇਵਾਂਗੇ। ਅਸੀਂ ਨਫਰਤ ਦਾ ਜਵਾਬ ਨਫਰਤ ਨਾਲ ਨਹੀਂ ਦੇਵਾਂਗੇ। ਜੇ ਉਹ ਨਫਰਤ ਫੈਲਾਉਂਦੇ ਹਨ, ਤਾਂ ਅਸੀਂ ਇਸ ਦਾ ਜਵਾਬ ਪਿਆਰ ਨਾਲ ਦੇਵਾਂਗੇ।




