ਨਵੀਂ ਦਿੱਲੀ (ਨਵਾਂ’ਜ਼ਮਾਨਾ ਸਰਵਿਸ)
ਰਾਮ ਮੰਦਰ ਫੰਡ ਘੁਟਾਲੇ ਅਤੇ ਉਸ ਤੋਂ ਬਾਅਦ ਹੋਈ ਕਾਰਵਾਈ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਇਹ ਸਵਾਲ ਕਰਦਿਆਂ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਕੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਗਵਾਨ ਸ੍ਰੀ ਰਾਮ ਦੇ ਦਰਸ਼ਨ ਕਰਨ ਲਈ ਅਯੁੱਧਿਆ ਦੇ ਰਾਮ ਮੰਦਰ ਗਏ ਹਨ? ਕੇਜਰੀਵਾਲ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਢਾਈ ਸਾਲ ਹੋ ਗਏ ਹਨ, ਇਨ੍ਹਾਂ ਢਾਈ ਸਾਲਾਂ ਵਿੱਚ ਸ਼ਾਹ ਨੇ ਇੱਕ ਵਾਰ ਵੀ ਭਗਵਾਨ ਰਾਮ ਦੇ ਦਰਸ਼ਨ ਨਹੀਂ ਕੀਤੇ। ਇਨ੍ਹਾਂ ਢਾਈ ਸਾਲਾਂ ਵਿੱਚ ਉਨ੍ਹਾ ਆਪਣੇ ਭਾਸ਼ਣਾਂ ਅਤੇ ਇੰਟਰਵਿਊਜ਼ ਵਿੱਚ 42 ਤੋਂ ਵੱਧ ਵਾਰ ਭਗਵਾਨ ਰਾਮ ਅਤੇ ਮੰਦਰ ਦਾ ਜ਼ਿਕਰ ਕੀਤਾ, ਵਾਰ-ਵਾਰ ਰਾਮ ਅਤੇ ਮੰਦਰ ਦੇ ਨਾਂਅ ‘ਤੇ ਵੋਟਾਂ ਮੰਗੀਆਂ, ਪਰ ਉਹ ਉੱਥੇ ਕਦੇ ਨਹੀਂ ਗਏ।
ਕੇਜਰੀਵਾਲ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦੇ ਪਵਿੱਤਰ ਅਭਿਸ਼ੇਕ ਸਮਾਰੋਹ ਨੂੰ 891 ਦਿਨ ਹੋ ਗਏ ਹਨ। ਇਨ੍ਹਾਂ 891 ਦਿਨਾਂ ਵਿੱਚ ਅਮਿਤ ਸ਼ਾਹ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਸ੍ਰੀ ਰਾਮ ਮੰਦਰ ਨਹੀਂ ਗਏ। ਕਿਉਂ? ਉਨ੍ਹਾਂ (ਭਾਜਪਾ) ਲਈ ਰਾਮ ਸਿਰਫ ਸੱਤਾ ਹਾਸਲ ਕਰਨ ਅਤੇ ਪੈਸਾ ਕਮਾਉਣ ਦਾ ਇੱਕ ਸਾਧਨ ਹੈ। ਉਨ੍ਹਾਂ ਨੂੰ ਰਾਮ ਵਿੱਚ ਕੋਈ ਵਿਸ਼ਵਾਸ ਨਹੀਂ। ਕੇਜਰੀਵਾਲ ਨੇ ਸ਼ਾਹ ਨੂੰ ਪੰਜ ਸਵਾਲ ਕੀਤੇ ਹਨ : ਤੁਸੀਂ ਅਜੇ ਤੱਕ ਰਾਮ ਮੰਦਰ ਕਿਉਂ ਨਹੀਂ ਗਏ? ਕੀ ਤੁਹਾਡਾ ਭਗਵਾਨ ਰਾਮ ਦੇ ਦਰਸ਼ਨ ਕਰਨ ਦਾ ਮਨ ਨਹੀਂ ਕਰਦਾ? ਕੀ ਤੁਹਾਡਾ ਰਾਮ ਮੰਦਰ ਜਾਣ ਦਾ ਮਨ ਨਹੀਂ ਕਰਦਾ? ਕੀ ਤੁਸੀਂ ਭਗਵਾਨ ਰਾਮ ਦਾ ਆਸ਼ੀਰਵਾਦ ਨਹੀਂ ਚਾਹੁੰਦੇ? ਕੀ ਤੁਸੀਂ ਮੰਨਦੇ ਹੋ ਕਿ ਰਾਮ ਪਰਮਾਤਮਾ ਹੈ?





