ਕੁੰਭ ਮੇਲੇ ਵੇਲੇ ਰਾਮ ਮੰਦਰ ਦੇ ਚੜ੍ਹਾਵੇ ‘ਚ ਵੱਡੀ ਸੰਨ੍ਹ ਲੱਗੀ

0
9

ਨਵੀਂ ਦਿੱਲੀ (ਨ ਜ਼ ਸ)
ਅਯੁੱਧਿਆ ਦੇ ਰਾਮ ਮੰਦਰ ਤੋਂ ਦਾਨ ਦੀ ਚੋਰੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਲੱਭਿਆ ਹੈ ਕਿ ਸਭ ਤੋਂ ਵੱਧ ਗੱਫੇ 2025 ਦੇ ਕੁੰਭ ਮੇਲੇ ਦੌਰਾਨ ਲਾਏ ਗਏ, ਜਦੋਂ ਮੰਦਰ ਵਿੱਚ ਚੜ੍ਹਾਵੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸੀ।
ਪੁਲਸ ਨੇ ਇਸ ਕਾਂਡ ‘ਚ ਅੱਠ ਮੁਲਜ਼ਮਾਂ ਅਵਿਨਾਸ਼ ਸ਼ੁਕਲਾ, ਅਨੁਕਲਪ ਮਿਸ਼ਰਾ, ਲਵ ਕੁਸ਼ ਮਿਸ਼ਰਾ, ਮਨੀਸ਼ ਕੁਮਾਰ ਯਾਦਵ, ਕਰੁਣੇਸ਼ ਪਾਂਡੇ, ਰਮਾਸ਼ੰਕਰ ਮਿਸ਼ਰਾ, ਸੁਭਾਸ਼ ਸ੍ਰੀਵਾਸਤਵ ਅਤੇ ਰਾਮਸ਼ੰਕਰ ਯਾਦਵ ਉਰਫ ਟੀਨੂੰ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਤੇ ਮੰਦਰ ਦੇ ਦਾਨ ਪਾਤਰ ‘ਚੋਂ ਨਕਦੀ ਖਿਸਕਾਉਣ ਦੀ ਸਾਜ਼ਿਸ਼ ਦਾ ਦੋਸ਼ ਹੈ। ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਲਵ ਕੁਸ਼ ਮਿਸ਼ਰਾ ਅਤੇ ਅਨੁਕਲਪ ਮਿਸ਼ਰਾ ਦੀ ਭੈਣ-ਭਰਾ ਜੋੜੀ ਨੇ ਸਭ ਤੋਂ ਵੱਡਾ ਹਿੱਸਾ ਚੋਰੀ ਕੀਤਾ ਅਤੇ ਜਾਇਦਾਦਾਂ ਵਿੱਚ ਪੈਸਾ ਲਗਾਇਆ। ਦੋਵਾਂ ਨਾਲ ਜੁੜੀਆਂ ਅੱਧੀ ਦਰਜਨ ਤੋਂ ਵੱਧ ਜਾਇਦਾਦਾਂ ਦਾ ਪਤਾ ਲਗਾਇਆ ਗਿਆ ਹੈ, ਜਦੋਂ ਕਿ ਆਮਦਨ ਕਰ ਵਿਭਾਗ ਨੂੰ ਉਨ੍ਹਾਂ ਦੇ ਵਿੱਤੀ ਲੈਣ-ਦੇਣ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਪੁਲਸ ਪੈਸਾ ਕਿੱਥੋਂ-ਕਿੱਥੇ ਗਿਆ, ਇਸ ਦਾ ਪਤਾ ਲਾਉਣ ਲਈ ਈ ਡੀ ਤੋਂ ਜਾਂਚ ਕਰਵਾਉਣ ਦੀ ਵੀ ਯੋਜਨਾ ਬਣਾ ਰਹੀ ਹੈ।
ਜਾਂਚਕਰਤਾਵਾਂ ਮੁਤਾਬਕ ਸਭ ਤੋਂ ਵੱਧ ਨਕਦੀ ਬਰਾਮਦਗੀ ਅਵਿਨਾਸ਼ ਸ਼ੁਕਲਾ ਨਾਲ ਜੁੜੀ ਨਿਕਲੀ। ਐੱਫ ਆਈ ਆਰ ਦਰਜ ਹੋਣ ਤੋਂ ਪਹਿਲਾਂ ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ 89 ਲੱਖ ਰੁਪਏ ਬਰਾਮਦ ਕੀਤੇ ਗਏ, ਜਦੋਂ ਕਿ ਛਾਪੇਮਾਰੀ ਦੌਰਾਨ ਉਸ ਦੇ ਪਰਵਾਰ ਨਾਲ ਜੁੜੇ ਇੱਕ ਯੋਗਾ ਕੇਂਦਰ ਤੋਂ ਲੱਗਭੱਗ 5 ਲੱਖ ਰੁਪਏ ਜ਼ਬਤ ਕੀਤੇ ਗਏ। ਪੁਲਸ ਨੇ ਲਵ ਕੁਸ਼ ਮਿਸ਼ਰਾ ਦੇ ਜੱਦੀ ਘਰ ਤੋਂ ਢੇਰ ‘ਚ ਲੁਕਾਏ ਗਏ 12 ਲੱਖ ਰੁਪਏ ਵੀ ਬਰਾਮਦ ਕੀਤੇ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਮਿਸ਼ਰਾ, ਜੋ ਕਥਿਤ ਤੌਰ ‘ਤੇ ਲੱਗਭੱਗ 12,000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ, ਨੇ ਆਪਣੀ ਪਤਨੀ ਦੇ ਨਾਂਅ ‘ਤੇ ਅਯੁੱਧਿਆ ਵਿੱਚ 25 ਲੱਖ ਰੁਪਏ ਦਾ ਘਰ ਬਣਾਉਣ ਲਈ ਗਬਨ ਕੀਤੇ ਪੈਸੇ ਦੀ ਵਰਤੋਂ ਕੀਤੀ। ਉਸ ਦੇ ਬੈਂਕ ਖਾਤਿਆਂ ਅਤੇ ਸੰਭਾਵਤ ਬੇਨਾਮੀ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਨੀਸ਼ ਕੁਮਾਰ ਯਾਦਵ ਦੇ ਘਰ ਤੋਂ ਲੱਗਭੱਗ 36 ਲੱਖ ਰੁਪਏ ਬਰਾਮਦ ਕੀਤੇ ਗਏ ਹਨ, ਜਦੋਂ ਕਿ ਰਾਮਸ਼ੰਕਰ ਯਾਦਵ ਉਰਫ ਟੀਨੂੰ ਯਾਦਵ ਦੇ ਘਰ ਤੋਂ ਨਕਦੀ, ਗਹਿਣੇ ਅਤੇ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਸ ਜਾਂਚ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਕੁਝ ਕਰਮਚਾਰੀਆਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਹੈ। ਬੈਂਕ ਇੱਕ ਨਿੱਜੀ ਏਜੰਸੀ ਰਾਹੀਂ ਮੰਦਰ ਦੇ ਦਾਨ ਦੀ ਗਿਣਤੀ ਦੀ ਨਿਗਰਾਨੀ ਕਰਦੀ ਹੈ। ਚਾਰ ਦਾਨ ਬਕਸਿਆਂ ਦੀ ਨਕਦੀ ਦੀ ਗਿਣਤੀ 14 ਮੈਂਬਰੀ ਟੀਮ ਵੱਲੋਂ ਕੀਤੀ ਜਾਂਦੀ ਹੈ, ਜਿਸ ਵਿੱਚ 11 ਬੈਂਕ ਕਰਮਚਾਰੀ ਅਤੇ ਮੰਦਰ ਟਰੱਸਟ ਦੇ ਤਿੰਨ ਪ੍ਰਤੀਨਿਧ ਸ਼ਾਮਲ ਹਨ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਗਿਣਤੀ ਕਮਰੇ ਤੱਕ ਪਹੁੰਚ ਦਾ ਫਾਇਦਾ ਉਠਾਇਆ ਅਤੇ ਅੰਦਰੂਨੀ ਲੋਕਾਂ ਨਾਲ ਮਿਲੀਭੁਗਤ ਕਰਕੇ ਨਕਦੀ ਹੜੱਪ ਲਈ। ਪੁਲਸ ਦਾ ਕਹਿਣਾ ਹੈ ਕਿ ਬੈਂਕ ਖਾਤੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਦੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਲੈਣ-ਦੇਣ ਹੋਇਆ ਹੈ। ਜਾਂਚ ਜਾਰੀ ਹੈ।
ਇਸੇ ਦੌਰਾਨ ਮੁਲਜ਼ਮ ਅਵਿਨਾਸ਼ ਸ਼ੁਕਲਾ ਦੇ ਘਰੋਂ ‘ਰਾਮਰਾਜਯ ਕੋਸ਼’ ਸੰਦੂਕ ਮਿਲਿਆ ਹੈ। ਸੰਦੂਕ ‘ਤੇ ਡਿਜੀਟਲ ਭੁਗਤਾਨ ਲਈ ਕਿਊ ਆਰ ਕੋਡ ਲੱਗਿਆ ਹੋਇਆ ਹੈ। ਜਾਂਚਕਰਤਾ ਇਸ ਨੂੰ ਹੁਣ ਤੱਕ ਦੇ ਸਭ ਤੋਂ ਮਹੱਤਵਪੂਰਨ ਸਬੂਤਾਂ ਵਿੱਚੋਂ ਇੱਕ ਮੰਨ ਰਹੇ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲੱਕੜ ਦੇ ਸੰਦੂਕ ਤੋਂ ਇਹ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਕੀ ਮੰਦਰ ਦੇ ਨਾਂਅ ‘ਤੇ ਕੋਈ ਅਣਅਧਿਕਾਰਤ ਦਾਨ ਇਕੱਠਾ ਕਰਨ ਦੀ ਪ੍ਰਣਾਲੀ ਚਲਾਈ ਜਾ ਰਹੀ ਸੀ ਅਤੇ ਡਿਜੀਟਲ ਲੈਣ-ਦੇਣ ਨਾਲ ਜੁੜੇ ਕਿਊ ਆਰ ਕੋਡ ਰਾਹੀਂ ਵਿੱਤੀ ਟਰੇਲ ਦਾ ਪਤਾ ਲਗਾਇਆ ਜਾ ਸਕਦਾ ਹੈ। ਅਧਿਕਾਰੀ ਇਹ ਵੀ ਜਾਂਚ ਕਰ ਰਹੇ ਹਨ ਕਿ ਕੀ ਇਸੇ ਤਰ੍ਹਾਂ ਦੇ ਦਾਨ ਸੰਦੂਕਾਂ ਦੀ ਵਰਤੋਂ ਕਿਤੇ ਹੋਰ ਕੀਤੀ ਗਈ ਸੀ ਅਤੇ ਕੀ ਕਥਿਤ ਸਾਜ਼ਿਸ਼ ਵਿੱਚ ਹੋਰ ਵਿਅਕਤੀ ਸ਼ਾਮਲ ਸਨ।
ਇਸੇ ਦੌਰਾਨ ਸਥਾਨਕ ਅਦਾਲਤ ਨੇ ਸਿੱਟ ਨੂੰ ਆਪਣੀ ਜਾਂਚ ਪੂਰੀ ਕਰਨ ਲਈ 15 ਦਿਨ ਹੋਰ ਦੇ ਦਿੱਤੇ ਹਨ।