ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਨੇ ਰਾਮ ਮੰਦਰ ਦੇ ਦਾਨ ਚੋਰੀ ਮਾਮਲੇ ਸੰਬੰਧੀ ਸ਼ੁੱਕਰਵਾਰ ਆਪਣੇ ਪਹਿਲੇ ਬਿਆਨ ਵਿੱਚ ਇਸਨੂੰ ਅਸਾਧਾਰਨ ਅਤੇ ਬਹੁਤ ਹੀ ਨਿੰਦਣਯੋਗ ਦੱਸਦਿਆਂ ਹਿੰਦੂ ਭਾਈਚਾਰੇ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਸਬਰ ਤੇ ਸੰਜਮ ਵਰਤਣ ਦੀ ਅਪੀਲ ਕੀਤੀ।
ਸੰਘ ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਾਬਲੇ ਨੇ ਕਿਹਾ ਕਿ ਸ੍ਰੀ ਰਾਮ ਜਨਮ ਭੂਮੀ ‘ਤੇ ਬਣਿਆ ਸ਼ਾਨਦਾਰ ਮੰਦਰ ਪੀੜ੍ਹੀਆਂ ਦੇ ਸੰਘਰਸ਼ ਤੇ ਲੱਖਾਂ ਰਾਮ ਭਗਤਾਂ ਦੇ ਸਮਰਪਣ, ਬਲੀਦਾਨ ਅਤੇ ਸ਼ਰਧਾ ਕਾਰਨ ਪੂਰੇ ਹਿੰਦੂ ਭਾਈਚਾਰੇ ਲਈ ਸ਼ਰਧਾ ਤੇ ਵਿਸ਼ਵਾਸ ਦਾ ਕੇਂਦਰ ਬਣ ਗਿਆ ਹੈ। ਅਯੁੱਧਿਆ ਦੇ ਸ੍ਰੀ ਰਾਮ ਲੱਲਾ ਮੰਦਰ ਵਿੱਚ ਦਾਨ ਬਕਸੇ ਚੋਰੀ ਹੋਣ ਦੀ ਮੰਦਭਾਗੀ ਘਟਨਾ ਨੇ ਪੂਰੇ ਸਮਾਜ ਤੇ ਰਾਮ ਭਗਤਾਂ ਦੀਆਂ ਭਾਵਨਾਵਾਂ ਤੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਅਤੇ ਅਸੀਂ ਸਾਰੇ ਇਸ ਘਟਨਾ ਤੋਂ ਦੁਖੀ ਹਾਂ। ਉਨ੍ਹਾ ਕਿਹਾ ਕਿ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਪੁਰਜ਼ੋਰ ਬੇਨਤੀ ‘ਤੇ ਯੂ ਪੀ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਹੈ ਅਤੇ ਉਸ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਖਤ ਸਜ਼ਾ ਮਿਲੇ। ਹੋਸਾਬਲੇ ਨੇ ਕਿਹਾ, ”ਭੰਬਲਭੂਸੇ ਅਤੇ ਅਸਪੱਸ਼ਟਤਾ ਦੀ ਮੌਜੂਦਾ ਸਥਿਤੀ ਖਤਮ ਹੋਣੀ ਚਾਹੀਦੀ ਹੈ। ਇਸ ਸੰਬੰਧ ਵਿੱਚ, ਅਸੀਂ ਉਮੀਦ ਕਰਦੇ ਹਾਂ ਕਿ ਮੰਦਰ ਪ੍ਰਬੰਧਨ ਅਤੇ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਸਾਡਾ ਮੰਨਣਾ ਹੈ ਕਿ ਸਹੀ ਵਿੱਤੀ ਪ੍ਰਬੰਧਨ, ਸੁਚਾਰੂ ਕੰਮਕਾਜ ਲਈ ਨਿਰਦੋਸ਼ ਪਾਰਦਰਸ਼ੀ ਪ੍ਰਣਾਲੀਆਂ ਅਤੇ ਸ਼ੁੱਧਤਾ, ਪਵਿੱਤਰਤਾ ਤੇ ਧਾਰਮਕ ਭਾਵਨਾਵਾਂ ਨਾਲ ਭਰੇ ਵਾਤਾਵਰਣ ਰਾਹੀਂ, ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਹਿੰਦੂ ਸਮਾਜ ਦੀ ਆਸਥਾ ਤੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਰਹੇਗਾ। ਰਾਸ਼ਟਰੀ ਸਵੈਮ ਸੇਵਕ ਸੰਘ ਸਮੁੱਚੇ ਹਿੰਦੂ ਸਮਾਜ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਜ਼ਰੂਰੀ ਸੰਜਮ ਦਿਖਾਵੇ ਅਤੇ ਇਸ ਮੰਦਭਾਗੀ ਘਟਨਾ ਦਾ ਫਾਇਦਾ ਉਠਾ ਕੇ ਹਿੰਦੂ ਧਰਮ ਤੇ ਸਮਾਜ ਨੂੰ ਬਦਨਾਮ ਕਰਨ ਦੀਆਂ ਹਿੰਦੂ-ਵਿਰੋਧੀ, ਸਨਾਤਨ-ਵਿਰੋਧੀ ਤੇ ਰਾਸ਼ਟਰ-ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰੇ।”


