ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਤੋਂ ਸਿੱਖਿਆ ਲੈ ਕੇ ਗੋਆ ਵਿਚ ਵੀ ਲੋਕਾਂ ਨੂੰ 10 ਲੱਖ ਰੁਪਏ ਦਾ ਹੈੱਲਥ ਇੰਸ਼ੋਰੈਂਸ ਦੇਣ ਉਪਰ ਜੋਰ ਦਿੱਤਾ ਹੈ। ਕੇਜਰੀਵਾਲ ਨੇ ਗੋਆ ਦੇ ਖਸਤਾ ਹਾਲ ਸਿਹਤ ਮਾਡਲ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਗੋਆ ਦਾ ਪੂਰਾ ਹੈੱਲਥ ਸਿਸਟਮ ਢਹਿ-ਢੇਰੀ ਹੋ ਚੁੱਕਾ ਹੈ।
ਹਾਲਾਤ ਇਹ ਹਨ ਕਿ ਗੋਆ ਦੇ ਇਕਲੌਤੇ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਭਾਰੀ ਭੀੜ ਹੈ ਅਤੇ ਬਿਨਾਂ ਸਿਫ਼ਾਰਸ਼ ਦੇ ਬੈੱਡ ਨਹੀਂ ਮਿਲਦੇ, ਜਦ ਕਿ ਸਾਊਥ ਗੋਆ ਜ਼ਿਲ੍ਹਾ ਹਸਪਤਾਲ ਵਿੱਚ 193 ਅਸਾਮੀਆਂ ਖਾਲੀ ਪਈਆਂ ਹਨ ਅਤੇ ਪੋਂਡਾ ਦੇ ਆਈ ਡੀ ਹਸਪਤਾਲ ਵਿੱਚ ਮੈਡੀਕਲ ਉਪਕਰਨ ਤੱਕ ਨਹੀਂ ਹਨ।
ਸਰਕਾਰ ਨੇ ਡੀ ਡੀ ਐੱਸ ਐੱਸ ਵਾਈ ਯੋਜਨਾ ਜ਼ਰੂਰ ਚਲਾਈ ਸੀ, ਪਰ ਇਸ ਤੋਂ ਗੋਆ ਵਾਸੀਆਂ ਦਾ ਮੋਹ ਭੰਗ ਹੋ ਚੁੱਕਾ ਹੈ।ਕੁੱਲ 2.91 ਲੱਖ ਪਰਵਾਰਾਂ ਦੇ ਕਾਰਡ ਬਣੇ ਸਨ, ਪਰ ਇਹਨਾਂ ਵਿੱਚੋਂ 1.81 ਲੱਖ ਪਰਵਾਰਾਂ ਨੇ ਕਾਰਡ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ।ਅੱਜ 90 ਫੀਸਦੀ ਲੋਕ ਗੰਭੀਰ ਬਿਮਾਰੀ ਹੋਣ ‘ਤੇ ਪ੍ਰਾਈਵੇਟ ਹਸਪਤਾਲ ਦਾ ਖਰਚਾ ਨਹੀਂ ਚੁੱਕ ਸਕਦੇ।ਕੇਜਰੀਵਾਲ ਨੇ ਕਿਹਾ ਕਿ ਗੋਆ ਵਿੱਚ ਦੋ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਹਨ। ਪਹਿਲੀ ਪ੍ਰਾਈਵੇਟ ਅਤੇ ਦੂਜੀ ਸਰਕਾਰੀ। ਜੇਕਰ ਕੋਈ ਗੰਭੀਰ ਬਿਮਾਰੀ ਹੋ ਜਾਵੇ, ਤਾਂ ਲਗਭਗ 90 ਫੀਸਦੀ ਗੋਆ ਵਾਸੀ ਸਰਕਾਰੀ ਸਿਹਤ ਸੇਵਾਵਾਂ ‘ਤੇ ਨਿਰਭਰ ਕਰਦੇ ਹਨ।
ਪ੍ਰਾਈਵੇਟ ਸਿਹਤ ਸੇਵਾਵਾਂ ਏਨੀਆਂ ਮਹਿੰਗੀਆਂ ਹਨ ਕਿ 90 ਫੀਸਦੀ ਆਬਾਦੀ ਗੰਭੀਰ ਬਿਮਾਰੀ ਹੋਣ ‘ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣ ਦਾ ਖਰਚਾ ਨਹੀਂ ਝੱਲ ਸਕਦੀ। ਆਮ ਸਰਦੀ, ਖੰਘ ਜਾਂ ਬੁਖਾਰ ਲਈ ਲੋਕ ਸ਼ਾਇਦ ਪ੍ਰਾਈਵੇਟ ਡਾਕਟਰ ਕੋਲ ਚਲੇ ਜਾਂਦੇ ਹੋਣਗੇ, ਪਰ ਜੇਕਰ ਕੋਈ ਗੰਭੀਰ ਸਰਜਰੀ ਜਾਂ ਬਿਮਾਰੀ ਹੋਵੇ, ਤਾਂ ਕੋਈ ਵੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਹਿੰਮਤ ਨਹੀਂ ਕਰ ਸਕਦਾ। ਜੇਕਰ ਅਸੀਂ ਮੰਨ ਲਈਏ ਕਿ ਗੋਆ ਦੀ ਆਬਾਦੀ 18 ਲੱਖ ਹੈ, ਤਾਂ ਲਗਭਗ 16 ਲੱਖ ਲੋਕ ਸਰਕਾਰੀ ਸਿਹਤ ਸੇਵਾਵਾਂ ‘ਤੇ ਨਿਰਭਰ ਹਨ ਅਤੇ ਸਿਰਫ 2 ਲੱਖ ਲੋਕ ਹੀ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ ਚੁੱਕ ਸਕਦੇ ਹਨ ਅਤੇ ਸ਼ਾਇਦ 2 ਲੱਖ ਵੀ ਬਹੁਤ ਵੱਡਾ ਅੰਕੜਾ ਹੈ।ਗੋਆ ਦੇ ਲੋਕਾਂ ਵੱਲੋਂ ਸਾਡੀ ਗੋਆ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਪੰਜਾਬ ਦੀ “ਆਪ” ਸਰਕਾਰ ਵਾਲੀ 10 ਲੱਖ ਰੁਪਏ ਦੀ ਇੰਸ਼ੋਰੈਂਸ ਯੋਜਨਾ ਗੋਆ ਵਿੱਚ ਵੀ ਲਾਗੂ ਕੀਤੀ ਜਾਵੇ।




