ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ ਨੇ ਸ਼ਨੀਵਾਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ‘ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਤੇ ਸਵਾਲ ਕੀਤਾ ਕਿ 20 ਵਿਦਿਆਰਥੀਆਂ ਦੀ ਮੌਤ ਅਤੇ ਸਿੱਖਿਆ ਪ੍ਰਣਾਲੀ ਦੇ ਕੰਮਕਾਜ ਬਾਰੇ ਵਧਦੀ ਆਲੋਚਨਾ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾ ਨੂੰ ਕਿਉਂ ਨਹੀਂ ਹਟਾਇਆ। ਇਹ ਟਿੱਪਣੀਆਂ ਉਦੋਂ ਆਈਆਂ, ਜਦੋਂ ਕਾਰਕੁਨ ਸੋਨਮ ਵਾਂਗਚੁਕ, ਜੋ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਹੈ, ਦਾ ਭਾਰ 5 ਕਿਲੋ ਘਟ ਗਿਆ ਹੈ। ਵਿਰੋਧੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾ ਦੀ ਸਿਹਤ ਹਰ ਬੀਤਦੇ ਦਿਨ ਨਾਲ ਤੇਜ਼ੀ ਨਾਲ ਵਿਗੜ ਰਹੀ ਹੈ।
ਕੇਂਦਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਾਕਰੋਚ ਜਨਤਾ ਪਾਰਟੀ ਨਾਲ ਜੁੜੇ ਆਗੂਆਂ ਨੇ ਸਿੱਖਿਆ ਮੰਤਰੀ ਲਈ ਪ੍ਰਧਾਨ ਮੰਤਰੀ ਦੇ ਨਿਰੰਤਰ ਸਮਰਥਨ ‘ਤੇ ਸਵਾਲ ਉਠਾਏ ਹਨ। ਸੀ ਜੇ ਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਕਿਹਾ, ‘ਧਰਮਿੰਦਰ ਪ੍ਰਧਾਨ ਨੂੰ ਬਰਖਾਸਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੋਰ ਕਿੰਨਾ ਸਮਾਂ ਇੰਤਜ਼ਾਰ ਕਰਨਗੇ? ਉਨ੍ਹਾ ਪ੍ਰਧਾਨ ਨੂੰ ਹਟਾਉਣ ਦੀ ਮੰਗ ਨੂੰ 20 ਵਿਦਿਆਰਥੀਆਂ ਦੀਆਂ ਹਾਲੀਆ ਮੌਤਾਂ ਨਾਲ ਜੋੜਿਆ ਹੈ ਤੇ ਦੋਸ਼ ਲਗਾਇਆ ਕਿ ਏਨੇ ਗੰਭੀਰ ਦੁਖਾਂਤ ਦੇ ਬਾਵਜੂਦ ਕੇਂਦਰੀ ਮੰਤਰੀ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਦਾ ਆਨੰਦ ਮਾਣ ਰਹੇ ਹਨ। ਉਨ੍ਹਾ ਸਵਾਲ ਕੀਤਾ ਕਿ ਧਰਮਿੰਦਰ ਪ੍ਰਧਾਨ ਮੋਦੀ ਲਈ ਏਨੇ ਮਹੱਤਵਪੂਰਨ ਕਿਉਂ ਹਨ ਕਿ 20 ਵਿਦਿਆਰਥੀਆਂ ਦੀ ਮੌਤ ਦੇ ਬਾਵਜੂਦ ਉਹ ਅਜੇ ਵੀ ਉਨ੍ਹਾਂ ਨੂੰ ਹਟਾਉਣ ਤੋਂ ਇਨਕਾਰ ਕਰ ਰਹੇ ਹਨ? ਕੇਂਦਰ ਨੇ ਇਨ੍ਹਾਂ ਤਾਜ਼ਾ ਟਿੱਪਣੀਆਂ ਦਾ ਅਧਿਕਾਰਤ ਤੌਰ ‘ਤੇ ਜਵਾਬ ਨਹੀਂ ਦਿੱਤਾ।




