ਕਯਾ ਫਿਰ ਸੇ ਚਲੇ ਗਏ ਵਨਵਾਸ…

0
8

ਲਖਨਊ (ਨ ਜ਼ ਸ)-ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐਤਵਾਰ ਅਯੁੱਧਿਆ ਸਥਿਤ ਸ੍ਰੀ ਰਾਮ ਮੰਦਰ ਦੇ ਚੜ੍ਹਾਵਾ ਚੋਰੀ ਮਾਮਲੇ ਨੂੰ ਲੈ ਕੇ ਭਾਜਪਾ ਅਤੇ ਆਰ ਐੱਸ ਐੱਸ ‘ਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ‘ਐੱਕਸ’ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਕਯਾ ਫਿਰ ਸੇ ਚਲੇ ਗਏ ਵਨਵਾਸ।’
ਕਰੀਬ 4 ਮਿੰਟ 39 ਸਕਿੰਟ ਦੀ ਇਸ ਵੀਡੀਓ ਦੇ ਗੀਤ ਦੇ ਬੋਲ ਹਨ, ‘ਕਿਉਂ ਤੇਰੀ ਨਗਰੀ ਹੈ ਉਦਾਸ, ਕਯਾ ਫਿਰ ਸੇ ਚਲੇ ਗਏ ਵਨਵਾਸ। ਯਹੀ ਹੈ ਪ੍ਰਾਰਥਨਾ, ਫਿਰ ਵਾਪਿਸ ਆਓ ਦਸ਼ਰਥ ਕੇ ਲਾਲ।’ ਇਸ ਪੋਸਟ ਰਾਹੀਂ ਅਖਿਲੇਸ਼ ਨੇ ਰਾਮ ਮੰਦਰ ਨਾਲ ਜੁੜੇ ਵਿਵਾਦ ਨੂੰ ਲੈ ਕੇ ਭਾਜਪਾ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਇੱਕ ਹੋਰ ਪੋਸਟ ਵਿੱਚ ਉਨ੍ਹਾ ਲਿਖਿਆ ਕਿ ਆਖਰਕਾਰ ‘ਸੁਰੰਗਜੀਵੀਆਂ’ ਨੂੰ ਬਾਹਰ ਆਉਣਾ ਹੀ ਪਿਆ, ਕਿਉਂਕਿ ਹੁਣ ਬਦਨਾਮੀ ਦਾ ਪਾਣੀ ਸੁਰੰਗ ਵਿੱਚ ਗਲੇ ਤੱਕ ਭਰ ਗਿਆ ਹੈ। ਉਨ੍ਹਾ ਕਿਹਾ ਕਿ ਚੰਦਾ ਤੇ ਦਾਨ ਦੇਣ ਵਾਲੇ ਸਨਾਤਨੀ ਪੁੱਛ ਰਹੇ ਹਨ ਕਿ ਇਸ ਗੰਭੀਰ ਮਾਮਲੇ ਵਿੱਚ ਜ਼ਿੰਮੇਵਾਰ ਲੋਕ ਸਾਹਮਣੇ ਕਿਉਂ ਨਹੀਂ ਆਏ? ਅਖਿਲੇਸ਼ ਨੇ ਦੋਸ਼ ਲਾਇਆ ਕਿ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਦੂਜਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ, ਪਰ ਸੱਚ ਇੱਕ ਦਿਨ ਸਭ ਦੇ ਸਾਹਮਣੇ ਆ ਕੇ ਰਹੇਗਾ। ਉਨ੍ਹਾ ਦੋਸ਼ ਲਾਇਆ ਕਿ ਰਾਮ ਮੰਦਰ ਦੇ ਚੜ੍ਹਾਵੇ ਵਿੱਚ ਡਕੈਤੀ ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਧਰਮ ਦੇ ਨਾਂਅ ‘ਤੇ ਕੀਤੀ ਜਾ ਰਹੀ ਹੈ। ਆਪਸੀ ਵੰਡ ਦੇ ਵਿਵਾਦ ਨੇ ਪੂਰੇ ਮਾਮਲੇ ਦਾ ਪਰਦਾ ਫਾਸ਼ ਕਰ ਦਿੱਤਾ ਹੈ ਅਤੇ ‘ਨਾਗਪੁਰ ਵਾਲਿਆਂ’ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ।