ਨਵੀਂ ਦਿੱਲੀ : ਆਮਿਰ ਖ਼ਾਨ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ‘ਚ ਇੱਕ ਨਿੱਜੀ ਸਮਾਰੋਹ ਦੌਰਾਨ ਆਪਣੀ ਲੰਬੇ ਸਮੇਂ ਦੀ ਪਾਰਟਨਰ ਗੌਰੀ ਸਪ੍ਰੈਟ ਨਾਲ ਵਿਆਹ ਕਰ ਲਿਆ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੋਂ ਇਕੱਠੇ ਰਹਿ ਰਹੇ ਇਸ ਕਪਲ ਨੇ ਐਤਵਾਰ ਨੂੰ ਆਪਣੇ ਪਰਵਾਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਆਮਿਰ ਖ਼ਾਨ ਅਤੇ ਗੌਰੀ ਸਪ੍ਰੈਟ ਦੀ ਪਹਿਲੀ ਮੁਲਾਕਾਤ ਲੱਗਭੱਗ 25 ਸਾਲ ਪਹਿਲਾਂ ਹੋਈ ਸੀ, ਪਰ ਉਨ੍ਹਾਂ ਦਾ ਰਿਸ਼ਤਾ 2024 ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਉਹ ਆਮਿਰ ਦੀ ਕਜ਼ਨ ਨੁਜ਼ਹਤ ਖ਼ਾਨ ਦੇ ਜ਼ਰੀਏ ਬੈਂਗਲੁਰੂ ਵਿੱਚ ਦੁਬਾਰਾ ਮਿਲੇ, ਜਿੱਥੇ ਗੌਰੀ ਉਸ ਸਮੇਂ ਰਹਿ ਰਹੀ ਸੀ। ਇਸ ਜੋੜੇ ਨੇ ਲੱਗਭੱਗ ਇੱਕ ਸਾਲ ਤੱਕ ਲੌਂਗ-ਡਿਸਟੈਂਸ ਰਿਲੇਸ਼ਨਸ਼ਿਪ ਵਿੱਚ ਸਮਾਂ ਬਿਤਾਇਆ, ਜਿਸ ਤੋਂ ਬਾਅਦ ਮਾਰਚ 2025 ਵਿੱਚ ਆਪਣੇ 60ਵੇਂ ਜਨਮ ਦਿਨ ਦੇ ਜਸ਼ਨ ਦੌਰਾਨ ਆਮਿਰ ਨੇ ਮੀਡੀਆ ਦੇ ਸਾਹਮਣੇ ਗੌਰੀ ਨੂੰ ਆਪਣੀ ‘ਪਾਰਟਨਰ’ ਵਜੋਂ ਪੇਸ਼ ਕੀਤਾ ਸੀ। ਆਮਿਰ ਖ਼ਾਨ ਦਾ ਪਹਿਲਾ ਵਿਆਹ 1993 ਵਿੱਚ ਰੀਨਾ ਦੱਤਾ ਨਾਲ ਹੋਇਆ ਸੀ। ਇਸ ਜੋੜੇ ਦੇ ਦੋ ਬੱਚੇ ਹਨ-ਜੁਨੈਦ ਖ਼ਾਨ ਅਤੇ ਇਰਾ ਖ਼ਾਨ। ਇਹ ਕਪਲ ਲੱਗਭੱਗ 16 ਸਾਲ ਤੱਕ ਇਕੱਠੇ ਰਿਹਾ ਅਤੇ 2002 ਵਿੱਚ ਵੱਖ ਹੋ ਗਿਆ। ਉਨ੍ਹਾਂ ਦਾ ਦੂਜਾ ਵਿਆਹ 2005 ਵਿੱਚ ਕਿਰਨ ਰਾਓ ਨਾਲ ਹੋਇਆ। 2011 ਵਿੱਚ ਇਸ ਜੋੜੇ ਦੇ ਘਰ ਬੇਟੇ ਆਜ਼ਾਦ ਰਾਓ ਦਾ ਜਨਮ ਹੋਇਆ। ਵਿਆਹ ਦੇ ਲੱਗਭੱਗ 16 ਸਾਲ ਬਾਅਦ, 2021 ਵਿੱਚ ਆਮਿਰ ਅਤੇ ਕਿਰਨ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ। ਫਿਲਮ ‘ਲਗਾਨ’ ਦੇ ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਅਤੇ ਅਦਾਕਾਰਾ ਐਲੀ ਅਵਰਾਮ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਏ।





