ਓਸਲੋ : 2022 ਦਾ ਨੋਬੇਲ ਅਮਨ ਇਨਾਮ ਬੇਲਾਰੂਸ ਦੇ ਮਨੁੱਖੀ ਅਧਿਕਾਰ ਕਾਰਕੁੰਨ ਐਲੇਸ ਬਯਾਲਯਾਤਸਕੀ ਅਤੇ ਰੂਸੀ ਮਨੁੱਖੀ ਅਧਿਕਾਰ ਜਥੇਬੰਦੀ ਮੈਮੋਰੀਅਲ ਤੇ ਯੂਕਰੇਨੀ ਮਨੁੱਖੀ ਅਧਿਕਾਰ ਜਥੇਬੰਦੀ ਸੈਂਟਰ ਫਾਰ ਸਿਵਲ ਲਿਬਰਟੀਜ਼ ਨੂੰ ਸਾਂਝੇ ਤੌਰ ’ਤੇ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਨਾਮ ਦੇਣ ਵਾਲੀ ਕਮੇਟੀ ਮੁਤਾਬਕ ਐਲੇਸ ਨੇ 1980 ਵਿਚ ਬੇਲਾਰੂਸ ਦੀ ਤਾਨਾਸ਼ਾਹੀ ਦੇ ਖਿਲਾਫ ਜਮਹੂਰੀ ਤਹਿਰੀਕ ਸ਼ੁਰੂ ਕੀਤੀ ਸੀ। ਉਹ ਅੱਜ ਤੱਕ ਆਪਣੇ ਦੇਸ਼ ਵਿਚ ਸੱਚੀ ਜਮਹੂਰੀਅਤ ਬਹਾਲ ਕਰਨ ਦੀ ਜੰਗ ਲੜ ਰਿਹਾ ਹੈ। ਰੂਸ-ਯੂਕਰੇਨ ਲੜਾਈ ਵਿਚ ਬੇਲਾਰੂਸ ਦੇ ਰਾਸ਼ਟਰਪਤੀ ਲੁਕਾਸ਼ੇਂਕੋ ਵਲਾਦੀਮੀਰ ਪੁਤਿਨ ਦੇ ਨਾਲ ਖੜ੍ਹੇ ਹਨ। ਐਲੇਸ ਦੀ ਵਿਸਾਨਾ ਨਾਂਅ ਦੀ ਜਥੇਬੰਦੀ ਜੇਲ੍ਹ ਵਿਚ ਬੰਦ ਜਮਹੂਰੀਅਤ-ਪਸੰਦਾਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਦੀ ਹੈ। ਐਲੇਸ 2011 ਤੋਂ 2014 ਤੱਕ ਜੇਲ੍ਹ ਵਿਚ ਰਿਹਾ ਅਤੇ 2020 ਤੋਂ ਫਿਰ ਜੇਲ੍ਹ ਵਿਚ ਹੈ।
ਰੂਸੀ ਮਨੁੱਖੀ ਅਧਿਕਾਰ ਜਥੇਬੰਦੀ ਮੈਮੋਰੀਅਲ 1987 ਵਿਚ ਬਣੀ ਸੀ। ਉਦੋਂ ਸੋਵੀਅਤ ਯੂਨੀਅਨ ਕਾਇਮ ਸੀ। ਇਸ ਦੇ ਬਾਨੀ ਮੈਂਬਰਾਂ ਵਿਚ ਨੋਬੇਲ ਅਮਨ ਇਨਾਮ ਜੇਤੂ ਆਂਦਰੇਈ ਸਖਾਰੋਵ ਤੇ ਮਨੁੱਖੀ ਅਧਿਕਾਰ ਕਾਰਕੁੰਨ ਸਵੇਤਲਾਨਾ ਗਨੁਸ਼ਕਿਨਾ ਵੀ ਸਨ। ਸੋਵੀਅਤ ਯੂਨੀਅਨ ਦੇ 15 ਹਿੱਸਿਆਂ ਵੰਡੇ ਜਾਣ ਦੇ ਬਾਅਦ ਇਹ ਰੂਸ ਦੀ ਸਭ ਤੋਂ ਵੱਡੀ ਮਨੁੱਖੀ ਅਧਿਕਾਰ ਜਥੇਬੰਦੀ ਬਣ ਗਈ। ਇਸ ਨੇ ਸਟਾਲਿਨ ਦੇ ਦੌਰ ਤੋਂ ਹੁਣ ਤੱਕ ਦੇ ਸਿਆਸੀ ਕੈਦੀਆਂ ਲਈ ਆਵਾਜ਼ ਚੁੱਕੀ। ਰੂਸ ਨੇ ਜਦ ਚੇਚਨੀਆ ਉੱਤੇ ਹਮਲਾ ਕੀਤਾ ਤੇ 2009 ਵਿਚ ਇਸ ਜਥੇਬੰਦੀ ਦੀ ਨਤਾਲੀਆ ਐਸਤੇਮੀਰੋਵਾ ਮਾਰੀ ਗਈ ਤਾਂ ਇਸ ਜਥੇਬੰਦੀ ਨੇ ਵਿਸ਼ਵ ਪੱਧਰ ’ਤੇ ਆਵਾਜ਼ ਚੁੱਕੀ। ਰੂਸੀ ਸਰਕਾਰ ਇਸ ਨੂੰ ਵਿਦੇਸ਼ੀ ਜਾਸੂਸਾਂ ਦੀ ਜਥੇਬੰਦੀ ਦੱਸਦੀ ਹੈ।
ਸੈਂਟਰ ਫਾਰ ਸਿਵਲ ਲਿਬਰਟੀਜ਼ ਦੀ ਸਥਾਪਨਾ ਯੂਕਰੇਨ ਦੀ ਰਾਜਧਾਨੀ ਕੀਵ ਵਿਚ 2007 ਵਿਚ ਹੋਈ ਸੀ। ਇਸ ਦਾ ਮਕਸਦ ਯੂਕਰੇਨ ਵਿਚ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਸੀ। ਇਸ ਜਥੇਬੰਦੀ ਦਾ ਕਹਿਣਾ ਹੈ ਕਿ ਯੂਕਰੇਨ ਵਿਚ ਅਜੇ ਵੀ ਸਹੀ ਮਾਅਨਿਆਂ ’ਚ ਜਮਹੂਰੀਅਤ ਨਹੀਂ ਹੈ। ਇਸ ਦੀ ਮੰਗ ਹੈ ਕਿ ਯੂਕਰੇਨ ਨੂੰ ਇੰਟਰਨੈਸ਼ਨਲ �ਿਮਨਲ ਕੋਰਟ ਦਾ ਹਿੱਸਾ ਬਣਨਾ ਚਾਹੀਦਾ ਹੈ।


