ਭਾਜਪਾ ਰਾਜ ‘ਚ ਨਕਲੀ ਮੰਗਲ ਸੂਤਰ ਵੰਡ’ਤੇ

0
11

ਰਾਏਪੁਰ (ਨ ਜ਼ ਸ)-ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ ਖੜਗਵਾਂ ਦੇ ਮਹਾਮਾਇਆ ਮੰਦਰ ਕੰਪਲੈਕਸ ਵਿੱਚ ‘ਮੁੱਖ ਮੰਤਰੀ ਕੰਨਿਆ ਸਮੂਹਕ ਵਿਆਹ ਯੋਜਨਾ’ ਦੇ ਪ੍ਰੋਗਰਾਮ ਵਿੱਚ ਗਰੀਬ ਲਾੜੀਆਂ ਨੂੰ ਅਸਲੀ ਦੀ ਥਾਂ ਨਕਲੀ ਚਾਂਦੀ ਦੇ ਮੰਗਲ ਸੂਤਰ ਦਿੱਤੇ ਗਏ, ਜਿਹੜੇ ਦੋ ਹਫਤਿਆਂ ਬਾਅਦ ਕਾਲੇ ਪੈ ਗਏ। ਜਾਂਚ ਕਰਨ ਤੋਂ ਬਾਅਦ ਇਸ ਲਈ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਆਦਿਤਿਆ ਸ਼ਰਮਾ ਨੂੰ ਭ੍ਰਿਸ਼ਟਾਚਾਰ, ਘੋਰ ਲਾਪਰਵਾਹੀ ਅਤੇ ਵਿੱਤੀ ਨਿਯਮਾਂ ਦੀ ਸਪੱਸ਼ਟ ਉਲੰਘਣਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਕਾਂਗਰਸੀ ਆਗੂਆਂ ਅਤੇ ਪੀੜਤ ਲਾਭਪਾਤਰੀਆਂ ਵੱਲੋਂ ਦਾਇਰ ਰਸਮੀ ਸ਼ਿਕਾਇਤਾਂ ਤੋਂ ਬਾਅਦ ਡੀ ਸੀ ਸੰਤਨ ਦੇਵੀ ਜਾਂਗੜੇ ਨੇ ਜਾਂਚ ਕਰਵਾਈ ਸੀ। ਜਾਂਚ ਰਿਪੋਰਟ ਮੁਤਾਬਕ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਵਿਆਹ ਤੋਂ ਬਾਅਦ ਦੇ ਤੋਹਫਿਆਂ ਅਤੇ ਮੰਗਲ ਸੂਤਰਾਂ ਦੀ ਲਾਜ਼ਮੀ ਤਸਦੀਕ ਨੂੰ ਪੂਰੀ ਤਰ੍ਹਾਂ ਬਾਈਪਾਸ ਕਰ ਦਿੱਤਾ।
ਰੁਲਦੂ ਸਿੰਘ ਮਾਨਸਾ ਦੀ ਸਿਹਤ ਵਿਗੜੀ
ਮਾਨਸਾ : ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ, ਜਿਨ੍ਹਾ ਨੂੰ ਲੋਕ ‘ਖੂੰਡੇ ਵਾਲਾ ਬਾਬਾ’ ਦੇ ਨਾਂਅ ਨਾਲ ਵੀ ਜਾਣਦੇ ਹਨ, ਰੁਲਦੂ ਸਿੰਘ ਮਾਨਸਾ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਉਨ੍ਹਾ ਨੂੰ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾ ਨੂੰ ਨਮੂਨੀਆ ਤੇ ਛਾਤੀ ਦੀ ਇਨਫੈਕਸ਼ਨ ਹੈ। ਉਨ੍ਹਾ ਦਾ ਹਾਲ-ਚਾਲ ਪੁੱਛਣ ਲਈ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਚਰਨਜੀਤ ਸਿੰਘ ਚੰਨੀ ਹਸਪਤਾਲ ਪਹੁੰਚੇ।
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ
ਵਾਇਨਾਡ : ਮੰਗਲਵਾਰ ਨੂੰ ਕੇਰਲ ਦੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਭਾਰਤੀ ਮੌਸਮ ਵਿਭਾਗ ਨੇ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੇਪਾਡੀ ਨੇੜੇ ਕਲਾਡੀ ਵਿਖੇ ਜ਼ਮੀਨ ਖਿਸਕਣ ਨਾਲ ਇੱਕ ਚੱਲ ਰਹੇ ਸੁਰੰਗ ਪ੍ਰੋਜੈਕਟ ਵਿੱਚ ਕਈ ਮਜ਼ਦੂਰ ਫਸ ਗਏ ਹਨ। ਇਕ ਨਿਊਜ਼ ਏਜੰਸੀ ਨੇ ਮੁੱਖ ਮੰਤਰੀ ਵੀ ਡੀ ਸਤੀਸਨ ਦੇ ਹਵਾਲੇ ਨਾਲ ਦੱਸਿਆ ਕਿ 7 ਮਜ਼ਦੂਰ ਅਜੇ ਵੀ ਲਾਪਤਾ ਹਨ। ਸਤੀਸਨ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ ਤੇ ਬਚਾਅ ਯਤਨ ਜਾਰੀ ਹਨ।