ਨਵੀਂ ਦਿਲੀ : ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਭਾਰਤ ਹੁਣ ਇੰਡੋਨੇਸ਼ੀਆ ਫੌਜ ਨੂੰ ਸੁਪਰਸੋਨਿਕ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰੇਗਾ। ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਆਨਤੋ ਵਿਚਾਲੇ ਜਕਾਰਤਾ ਵਿਖੇ ਹੋਈ ਇੱਕ ਉੱਚ-ਪੱਧਰੀ ਬੈਠਕ ਦੌਰਾਨ ਇਹ ਅਹਿਮ ਸਹਿਮਤੀ ਬਣੀ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਰਗੇ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ। ਦੋਵਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਵੱਖ-ਵੱਖ ਖੇਤਰਾਂ, ਜਿਵੇਂ ਕਿ ਤਕਨਾਲੋਜੀ, ਖੁਰਾਕ ਸੁਰੱਖਿਆ, ਦਵਾਈਆਂ, ਸਮੁੰਦਰੀ ਵਪਾਰ ਅਤੇ ਅਹਿਮ ਖਣਿਜਾਂ ਬਾਰੇ ਲਗਭਗ ਇੱਕ ਦਰਜਨ ਅਹਿਮ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ।




