ਵਿਧਾਨ ਸਭਾ ਸੈਸ਼ਨ ‘ਚ ਜਾਣ ਤੋਂ ਪਹਿਲਾਂ ਕਾਂਗਰਸ ਅਕਾਲ ਤਖ਼ਤ ਤੋਂ ਮਨਜ਼ੂਰੀ ਲਵੇਗੀ : ਬਾਜਵਾ

0
8

ਬਰਨਾਲਾ : ਸੀਨੀਅਰ ਕਾਂਗਰਸੀ ਲੀਡਰ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਨਿੱਚਰਵਾਰ ਕਿਹਾ ਕਿ ਕਾਂਗਰਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਮਨਜ਼ੂਰੀ ਲਵੇਗੀ ਕਿ ਕੀ ਪਾਰਟੀ ਵਿਧਾਇਕਾਂ ਨੂੰ 3 ਤੋਂ 10 ਅਗਸਤ ਤੱਕ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੈ। ਇਹ ਮਨਜ਼ੂਰੀ ਅਕਾਲ ਤਖ਼ਤ ਦੇ ਉਸ ਹੁਕਮ ਨੂੰ ਧਿਆਨ ਵਿੱਚ ਰੱਖਦਿਆਂ ਮੰਗੀ ਜਾਵੇਗੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਗੁਰੂ ਦੋਖੀ ਅਤੇ ਪੰਥ ਵਿਰੋਧੀ’ ਕਰਾਰ ਦਿੱਤਾ ਗਿਆ ਹੈ। ਬਾਜਵਾ ਨੇ ਇਹ ਗੱਲਾਂ ਬਰਨਾਲਾ ਵਿਖੇ ਜ਼ਖਮੀ ਸਫ਼ਾਈ ਕਰਮਚਾਰੀਆਂ ਨੂੰ ਮਿਲਣ ਲਈ ਗਏ ਕਾਂਗਰਸੀ ਵਫ਼ਦ ਦੀ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀਆਂ। ਉਨ੍ਹਾ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਕੁਲਦੀਪ ਸਿੰਘ ਕਾਲਾ ਢਿੱਲੋਂ, ਕੁਝ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਹੋਰ ਆਗੂ ਮੌਜੂਦ ਸਨ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੀ ਬਰਨਾਲਾ ਦੌਰੇ ਮੌਕੇ ਕਾਂਗਰਸੀ ਵਫਦ ਵਿੱਚ ਸ਼ਾਮਲ ਹੋਣ ਦੀ ਉਮੀਦ ਸੀ, ਪਰ ਉਹ ਨਹੀਂ ਆਏ। ਬਾਜਵਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਅਤੇ ਕੋਈ ਵੀ ਸੁਰੱਖਿਅਤ ਨਹੀਂ। ਉਨ੍ਹਾ ਕਿਹਾ ਕਿ ਕਾਂਗਰਸ ਵਿਧਾਨ ਸਭਾ ਸੈਸ਼ਨ ਵਿੱਚ ਕਈ ਮੁੱਦੇ ਉਠਾਏਗੀ, ਜਿਨ੍ਹਾਂ ਵਿੱਚ ਸਰਕਾਰੀ ਕਰਮਚਾਰੀਆਂ ਦਾ ਬਕਾਇਆ ਮਹਿੰਗਾਈ ਭੱਤਾ (ਡੀ ਏ), ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਕਰਨ ਵਿੱਚ ਨਾਕਾਮੀ, ਸੂਬੇ ‘ਤੇ ਵਧਦਾ ਕਰਜ਼ੇ ਦਾ ਬੋਝ ਅਤੇ ਮਨਰੇਗਾ ਤੇ ਸਫ਼ਾਈ ਕਰਮਚਾਰੀਆਂ ‘ਤੇ ਪੁਲਸ ਕਾਰਵਾਈ ਸ਼ਾਮਲ ਹਨ। ਬਾਜਵਾ ਨੇ ਇਹ ਵੀ ਦੋਸ਼ ਲਾਇਆ ਕਿ ਯੋਗ ਔਰਤਾਂ ਨੂੰ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਲਾਭ ਨਹੀਂ ਮਿਲ ਰਿਹਾ।