ਚੰਡੀਗੜ੍ਹ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਤਵਾਰ ਚੰਡੀਗੜ੍ਹ ਦੇ ਸੈਕਟਰ-12 ’ਚ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ ਦੀ 52ਵੀਂ ਕਨਵੋਕੇਸ਼ਨ ’ਚ ਵੱਖ-ਵੱਖ ਖੇਤਰਾਂ ’ਚ ਨਾਂਅ ਖੱਟਣ ਵਾਲੇ 14 ਵਿਦਿਆਰਥੀਆਂ ਨੂੰ ਵਿਸ਼ੇਸ਼ ਮੈਡਲ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ 871 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ, ਜਿਨ੍ਹਾਂ ’ਚ ਬੀ ਟੈੱਕ ਦੇ 669, ਐੱਮ ਟੈੱਕ ਦੇ 168 ਅਤੇ ਪੀ ਐੱਚ ਡੀ ਦੇ 34 ਵਿਦਿਆਰਥੀ ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਵੀ ਸ਼ਮੂਲੀਅਤ ਕੀਤੀ। ਰਾਸ਼ਟਰਪਤੀ ਨੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਵਿਦਿਆਰਥਣਾਂ ਦੀ ਗਿਣਤੀ ਵਧਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ’ਚ ਵਿਦਿਆਰਥਣਾਂ ਦੀ ਗਿਣਤੀ ਵਧਣ ਨਾਲ ਦੇਸ਼ ਦੀ ਤਰੱਕੀ ’ਚ ਤੇਜ਼ੀ ਆਵੇਗੀ। ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੀ ਥਾਂ ਰੁਜ਼ਗਾਰ ਦੇ ਸਾਧਨ ਪੈਦਾ ਕਰਨ ’ਤੇ ਜ਼ੋਰ ਦਿੱਤਾ।




