ਕਾਮਰੇਡ ਸੀ. ਸ੍ਰੀਕੁਮਾਰ ਪ੍ਰਧਾਨ ਤੇ ਮਨੋਜ ਕੁਮਾਰ ਜਨਰਲ ਸਕੱਤਰ ਬਣੇ
ਜਲੰਧਰ (ਗਿਆਨ ਸੈਦਪੁਰੀ)-ਐੱਮ ਈ ਐੱਸ ਵਰਕਰਜ਼ ਯੂਨੀਅਨ ਏਰੀਆ ਕਮੇਟੀ ਅੰਬਾਲਾ ਦਾ ਦੋ ਦਿਨਾ ਸਾਲਾਨਾ ਸਮਾਗਮ ਸਫ਼ਲਤਾ-ਪੂਰਵਕ ਨੇਪਰੇ ਚੜ੍ਹਿਆ। 25 ਅਤੇ 26 ਜੁਲਾਈ ਨੂੰ ਬੜੀ ਧਰਮਸ਼ਾਲਾ ਜਲੰਧਰ ਛਾਉਣੀ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਸੀ. ਸ੍ਰੀਕੁਮਾਰ ਨੇ ਕੀਤੀ। ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਡੈਲੀਗੇਟ ਸ਼ਾਮਲ ਹੋਏ। ਇਸ ਵਿੱਚ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ।
ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸਤਿਅਨ ਨੇ ਸੰਗਠਨ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ। ਇਸੇ ਤਰ੍ਹਾਂ ਵਿੱਤ ਸਕੱਤਰ ਗੁਰਬਖਸ਼ ਰਾਏ ਪ੍ਰਭਾਕਰ ਨੇ ਯੂਨੀਅਨ ਦੀ ਆਮਦਨ ਅਤੇ ਖਰਚਿਆਂ ਬਾਰੇ ਰਿਪੋਰਟ ਪੇਸ਼ ਕੀਤੀ। ਸਮਾਗਮ ਦੌਰਾਨ ਕੇਂਦਰ ਦੁਆਰਾ ਲਾਗੂ ਕੀਤੇ ਗਏ ਚਾਰ ਕੋਡਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ। ਲੇਬਰ ਕੋਡਾਂ ਦੀਆਂ ਕਮੀਆਂ ਅਤੇ ਮਜ਼ਦੂਰ ਹਿੱਤਾਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਲੇਬਰ ਕੋਡ ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਤੇ ਸਮਾਜਿਕ ਸੁਰੱਖਿਆ ਨੂੰ ਕਮਜ਼ੋਰ ਕਰਦੇ ਹਨ। ਇਸ ਮੁੱਦੇ ‘ਤੇ ਜਨਤਕ ਜਾਗਰੂਕਤਾ ਪੈਦਾ ਕਰਨ ਅਤੇ ਕਰਮਚਾਰੀ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਤੇਜ਼ ਕਰਨ ਦਾ ਅਹਿਦ ਕੀਤਾ ਗਿਆ।
ਸਮਾਗਮ ਵਿੱਚ ਅੱਠਵੇਂ ਤਨਖਾਹ ਕਮਿਸ਼ਨ ਬਾਰੇ ਵੀ ਮਹੱਤਵਪੂਰਨ ਚਰਚਾ ਹੋਈ। ਡੈਲੀਗੇਟਾਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਅੱਠਵੇਂ ਤਨਖਾਹ ਕਮਿਸ਼ਨ ਨਾਲ ਲਾਗੂ ਕੀਤਾ ਜਾਵੇ। ਕਰਮਚਾਰੀਆਂ ਦੀ ਘੱਟੋ-ਘੱਟ ਮੁੱਢਲੀ ਤਨਖ਼ਾਹ 69,000 ਰੁਪਏ ਨਿਰਧਾਰਤ ਕੀਤੀ ਜਾਵੇ। ਪੈਨਸ਼ਨਰਾਂ ਦੀਆਂ ਪੈਨਸ਼ਨਾਂ ਨੂੰ ਢੁਕਵੇਂ ਅਤੇ ਨਿਰਪੱਖ ਢੰਗ ਨਾਲ ਸੋਧਿਆ ਜਾਵੇ।
ਸਮਾਗਮ ਨੂੰ ਏਟਕ ਦੇ ਕੌਮੀ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਉਨ੍ਹਾ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਅਤੇ ਮਜ਼ਦੂਰ ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ। ਚਾਰ ਕਿਰਤ ਕੋਡਾਂ, ਨਿੱਜੀਕਰਨ ਅਤੇ ਹੋਰ ਲੋਕ ਮਾਰੂ ਨੀਤੀਆਂ ਬਾਰੇ ਜਾਣੂ ਕਰਵਾਉਂਦਿਆਂ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਐੱਮ ਈ ਐੱਸ ਵਰਕਰਜ਼ ਯੂਨੀਅਨ ਦੀ ਨਵੀਂ ਕਾਰਜਕਾਰਨੀ ਅਤੇ ਹੋਰ ਅਹੁਦੇਦਾਰਾਂ ਦੀ ਸਰਬ-ਸੰਮਤੀ ਨਾਲ ਚੋਣ ਕੀਤੀ ਗਈ। ਕਾਮਰੇਡ ਸੀ. ਸ੍ਰੀਕੁਮਾਰ ਨੂੰ ਪ੍ਰਧਾਨ, ਕਾਮਰੇਡ ਓ ਪੀ ਵਸ਼ਿਸ਼ਟ ਤੇ ਕਾਮਰੇਡ ਸੱਤਿਅਨ ਨੂੰ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਮਨੋਜ ਕੁਮਾਰ ਨੂੰ ਜਨਰਲ ਸਕੱਤਰ ਅਤੇ ਕਾਮਰੇਡ ਗੁਰਬਖਸ਼ ਰਾਏ ਨੂੰ ਖਜ਼ਾਨਚੀ ਚੁਣਿਆ ਗਿਆ। ਐੱਮ ਈ ਐੱਸ ਵਰਕਰਜ਼ ਯੂਨੀਅਨ ਏਰੀਆ ਕਮੇਟੀ ਅੰਬਾਲਾ ਵੱਲੋਂ ਜਲੰਧਰ ਸ਼ਾਖਾ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਕਾਮਰੇਡ ਰਣਜੀਤ ਸਿੰਘ ਔਲਖ, ਨੀਰਜ ਕੁਮਾਰ, ਸੁਰਿੰਦਰ ਕੁਮਾਰ, ਰੋਸ਼ਨ ਲਾਲ ਕਾਂਤੀ, ਕ੍ਰਿਸ਼ਨ ਕੁਮਾਰ, ਹੇਮੰਤ ਬਾਬਰ ਅਤੇ ਅਸ਼ਵਨੀ ਕੁਮਾਰ ਨੇ ਕਾਨਫ਼ਰੰਸ ਦੀ ਸਫ਼ਲਤਾ ਲਈ ਮਹੱਤਵਪੂਰਨ ਭੂਮਿਕਾ ਨਿਭਾਈ।





