ਜ਼ਹਿਰੀਲੀ ਗੈਸ ਨਾਲ ਦੋ ਮੌਤਾਂ

0
11

ਪਟਿਆਲਾ (ਰਜਿੰਦਰ ਸਿੰਘ ਥਿੰਦ)-ਇੱਥੇ ਮੰਗਲਵਾਰ ਵਿਕਾਸ ਨਗਰ ‘ਚ ਨਾਲੇ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਕਾਰਨ 2 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਭੋਲਾ ਰਾਮ (41) ਅਤੇ ਸੰਨੀ (36) ਵਜੋਂ ਹੋਈ ਹੈ। ਦੋਵੇਂ ਵਿਕਾਸ ਨਗਰ ਦੇ ਹੀ ਰਹਿਣ ਵਾਲੇ ਸਨ। ਇਲਾਕਾ ਵਾਸੀਆਂ ਦੇ ਕਹਿਣ ‘ਤੇ ਇਹ ਦੋਵੇਂ ਜਾਮ ਹੋਏ ਸੀਵਰੇਜ ਨਾਲੇ ਨੂੰ ਖੋਲ੍ਹਣ ਲੱਗੇ। ਹਾਲਾਂਕਿ ਦੋਵੇਂ ਪੇਸ਼ੇ ਤੋਂ ਸਰਕਾਰੀ ਸਫਾਈ ਕਰਮਚਾਰੀ ਨਹੀਂ ਸਨ। ਨਾਲੇ ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਦੋਵੇਂ ਬੇਹੋਸ਼ ਹੋ ਕੇ ਡਿੱਗ ਪਏ। ਲੋਕਾਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਨਾਲੇ ਦੀ ਸਫਾਈ ਕਰਵਾਉਣ ਲਈ ਉਨ੍ਹਾਂ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਸਨ, ਪਰ ਕੋਈ ਸੁਣਵਾਈ ਨਹੀਂ ਹੋਈ। ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਤੌਰ ‘ਤੇ ਸਫਾਈ ਕਰਵਾਉਣੀ ਪਈ, ਜਿਸ ਦੇ ਨਤੀਜੇ ਵਜੋਂ ਇਹ ਵੱਡਾ ਹਾਦਸਾ ਵਾਪਰ ਗਿਆ।