ਭਾਜਪਾ ਪੰਜਾਬੀਆਂ ਦੀ ਸਾਖ ਨੂੰ ਢਾਹ ਲਾਉਣ ਲਈ ਲਾ ਰਹੀ ਝੂਠੇ ਦੋਸ਼ : ਮਾਨ

0
3

ਨਵੀਂ ਦਿੱਲੀ (ਨ ਜ਼ ਸ)
ਝੂਠੇ ਪੇਪਰ ਲੀਕ ਦੇ ਦੋਸ਼ਾਂ ਰਾਹੀਂ ਪੰਜਾਬ ਅਤੇ ਇਸ ਦੇ ਮਿਹਨਤੀ ਨੌਜਵਾਨਾਂ ਦੀ ਸਾਖ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰਨ ‘ਤੇ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਇਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਬਿਨਾਂ ਕਿਸੇ ਪੈਸੇ, ਫ਼ਰਮਾਇਸ਼ ਅਤੇ ਪੇਪਰ ਲੀਕ ਤੋਂ ਸਿਰਫ਼ ਯੋਗਤਾ ਦੇ ਅਧਾਰ ‘ਤੇ 69,000 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਆਪਣੀ ਸੰਸਦ ਫੇਰੀ ਦੌਰਾਨ ਮੁੱਖ ਮੰਤਰੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਹੋਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਰਾਜਨੀਤਿਕ ਲਾਭ ਲਈ ਪੰਜਾਬੀਆਂ ਨੂੰ ਬਦਨਾਮ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਉਨ੍ਹਾਂ ਨਾਲ ਆਪਣੀ ਰਾਜਨੀਤਿਕ ਲੜਾਈ ਲੜਨੀ ਚਾਹੀਦੀ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ”ਲੋਕਤੰਤਰ ਦੀ ਖੂਬਸੂਰਤੀ ਇਹ ਹੈ ਕਿ ਲੋਕਾਂ ਨੂੰ ਇੱਕ ਦੂਜੇ ਨਾਲ ਮਿਲਦੇ ਰਹਿਣਾ ਚਾਹੀਦਾ ਹੈ ਅਤੇ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਰਾਜਨੀਤੀ ਵਿੱਚ ਮਤਭੇਦ ਹੋਣਾ ਸੁਭਾਵਿਕ ਹੈ ਅਤੇ ਇਹ ਮਤਭੇਦ ਹਮੇਸ਼ਾ ਰਹਿਣਗੇ ਪਰ ਇਹਨਾਂ ਨੂੰ ਦਿਲਾਂ ਅੰਦਰ ਘਰ ਨਹੀਂ ਕਰਨ ਦੇਣਾ ਚਾਹੀਦਾ।” ਪੇਪਰ ਲੀਕ ਬਾਰੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੱਤਾ ਦੇ ਸਾਢੇ ਚਾਰ ਸਾਲ ਪੂਰੇ ਕਰ ਲਏ ਹਨ, ਪਰ ਇਸ ਸਮੇਂ ਦੌਰਾਨ ਪੰਜਾਬ ਵਿੱਚ ਇੱਕ ਵੀ ਪ੍ਰੀਖਿਆਂ ਪੇਪਰ ਲੀਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਾਨੂੰ ਫਾਰਮੇਸੀ ਪ੍ਰੀਖਿਆ ਦੌਰਾਨ ਨਕਲ ਦੀ ਕੋਸ਼ਿਸ਼ ਬਾਰੇ ਪਤਾ ਲੱਗਾ ਸੀ। ਪ੍ਰੀਖਿਆ ਸਵੇਰੇ 11 ਵਜੇ ਸ਼ੁਰੂ ਹੋਈ ਸੀ ਅਤੇ 11:15 ਵਜੇ ਤੱਕ ਅਸੀਂ ਪਾਇਆ ਕਿ ਇੱਕ ਉਮੀਦਵਾਰ ਬਲੂਟੁੱਥ-ਵਾਲੇ ਪੈੱਨ ਰਾਹੀਂ ਪ੍ਰਸ਼ਨ ਪੱਤਰ ਨੂੰ ਸਕੈਨ ਕਰਕੇ ਬਾਹਰ ਬੈਠੇ ਲੋਕਾਂ ਤੋਂ ਈਅਰਪੀਸ ਰਾਹੀਂ ਉੱਤਰ ਪ੍ਰਾਪਤ ਕਰ ਰਿਹਾ ਸੀ। ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ, ਬਾਹਰੋਂ ਕੰਮ ਕਰ ਰਹੇ 11 ਮੈਂਬਰੀ ਗਿਰੋਹ ਸਮੇਤ 10 ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਅਕਾਲੀ ਦਲ ‘ਤੇ ਨਿਸ਼ਾਨਾਂ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ “ਅਕਾਲੀ ਦਲ ਦਾ ਹੁਣ ਪੰਜਾਬ ਵਿੱਚ ਕੋਈ ਵਜੂਦ ਨਹੀਂ ਰਿਹਾ। ਭਾਜਪਾ ਦੀ ਗੱਲ ਕਰੀਏ ਤਾਂ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਉਸ ਨੂੰ ਪਹਿਲਾਂ ਜੰਤਰ-ਮੰਤਰ ਵੱਲ ਧਿਆਨ ਦੇਣਾ ਚਾਹੀਦਾ ਹੈ।