ਟੋਕੀਓ : ਦੱਖਣੀ ਜਾਪਾਨ ਦੇ ਕੁਮਾਮੋਟੋ ਪ੍ਰਾਂਤ ਵਿੱਚ ਮੰਗਲਵਾਰ ਨੂੰ 7.1 ਦੀ ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਨਾਲ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ, ਆਵਾਜਾਈ ਠੱਪ ਹੋ ਗਈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ। ਨਾਲ ਹੀ ਬਾਅਦ ਵਿੱਚ ਆਉਣ ਵਾਲੇ ਭੂਚਾਲ ਦੇ ਝਟਕਿਆਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਟੋਕੀਓ ਵਿੱਚ ਆਪਣੇ ਦਫ਼ਤਰ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਚੀ ਨੇ ਕਿਹਾ ਕਿ ਜਾਨੀ ਅਤੇ ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਹਾ ਹੈ। ਤਾਕਾਚੀ ਨੇ ਕਿਹਾ ਕਿ ”ਸਾਨੂੰ ਮਿਲੀ ਜਾਣਕਾਰੀ ਮੁਤਾਬਕ ਕਈ ਲੋਕ ਜ਼ਖ਼ਮੀ ਹੋਏ ਹਨ। ਕੁਝ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ ਹੈ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਇਲਾਵਾ ਸੜਕਾਂ, ਪੁਲਾਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੀ ਸੁਰੱਖਿਆ ਲਈ ਤੁਰੰਤ ਸੁਰੱਖਿਅਤ ਥਾਵਾਂ ‘ਤੇ ਪਹੁੰਚਣ। ” ਸਰਕਾਰੀ ਚੈਨਲ ਦੀਆਂ ਤਸਵੀਰਾਂ ਵਿੱਚ ਕਈ ਇਮਾਰਤਾਂ ਡਿੱਗੀਆਂ ਅਤੇ ਅੱਗ ਦੀ ਲਪੇਟ ਵਿੱਚ ਦਿਖਾਈ ਦਿੱਤੀਆਂ। ਫਲਾਈਓਵਰਾਂ ਅਤੇ ਸੜਕਾਂ ਵਿੱਚ ਵੱਡੀਆਂ ਦਰਾਰਾਂ ਪੈ ਗਈਆਂ ਹਨ ਅਤੇ ਇੱਕ ਮਾਲ ਗੱਡੀ ਵੀ ਪਟੜੀ ਤੋਂ ਉੱਤਰ ਗਈ। ਆਫ਼ਤ ਪ੍ਰਬੰਧਨ ਏਜੰਸੀ ਮੁਤਾਬਕ 1,50,000 ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।





