ਥਾਣੇ ‘ਚ ਆਤਮਦਾਹ, 4 ਗ੍ਰਿਫਤਾਰ

0
10

ਖੰਨਾ (ਸੁਖਵਿੰਦਰ ਸਿੰਘ ਭਾਦਲਾ)
ਖੰਨਾ ਦੇ ਥਾਣਾ ਸਿਟੀ-1 ਵਿੱਚ ਠੱਗੀ ਦੀ ਸ਼ਿਕਾਇਤ ਲੈ ਕੇ ਇਨਸਾਫ਼ ਦੀ ਉਮੀਦ ਨਾਲ ਪਹੁੰਚੇ ਵਿਅਕਤੀ ਨੇ ਬਾਥਰੂਮ ਵਿੱਚ ਕੋਈ ਜਲਣਸ਼ੀਲ ਚੀਜ਼ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ 45 ਸਾਲਾ ਗੋਬਿੰਦ ਸਿੰਘ ਵਾਸੀ ਈਸ਼ਰ ਨਗਰ, ਲੁਧਿਆਣਾ ਵਜੋਂ ਹੋਈ ਹੈ। ਉਹ ਦਵਾਈਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਕਾਰੋਬਾਰ ਵਿੱਚ ਨੁਕਸਾਨ ਕਾਰਨ ਉਹ ਖੰਨਾ ਦੇ ਲਲਹੇੜੀ ਰੋਡ ‘ਤੇ ਰਹਿਣ ਵਾਲੇ ਚਰਨ ਦਾਸ ਦੇ ਸੰਪਰਕ ਵਿੱਚ ਆਇਆ, ਜੋ ਆਪਣੇ ਆਪ ਨੂੰ ਬਾਬਾ ਦੱਸ ਕੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਅਤੇ ਕਿਸਮਤ ਬਦਲਣ ਦੇ ਨਾਂਅ ‘ਤੇ ਪੈਸੇ ਲੈਂਦਾ ਸੀ।
ਗੋਬਿੰਦ ਸਿੰਘ ਵੱਲੋਂ ਥਾਣੇ ਵਿੱਚ ਪਹਿਲਾਂ ਹੀ ਦਿੱਤੀ ਗਈ ਸ਼ਿਕਾਇਤ ਮੁਤਾਬਕ ਚਰਨ ਦਾਸ ਨੇ ਉਸ ਤੋਂ 73 ਹਜ਼ਾਰ ਰੁਪਏ ਲਏ।ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਗੋਬਿੰਦ ਸਿੰਘ ਨੇ ਉਸ ਤੋਂ ਆਪਣੇ ਪੈਸੇ ਵਾਪਸ ਮੰਗੇ। ਚਰਨ ਦਾਸ ਵੱਲੋਂ ਸਿਰਫ਼ 20 ਹਜ਼ਾਰ ਰੁਪਏ ਵਾਪਸ ਕੀਤੇ ਗਏ ਅਤੇ ਬਾਕੀ 53 ਹਜ਼ਾਰ ਰੁਪਏ ਦੇਣ ਦੀ ਬਜਾਏ ਚਰਨ ਦਾਸ ਅਤੇ ਉਸ ਦੇ ਸਾਥੀਆਂ ਮੱਖਣ ਸਿੰਘ, ਜੁਗਰਾਜ ਸਿੰਘ ਜਿੰਮੀ ਅਤੇ ਇੰਦਰਪ੍ਰੀਤ ਸਿੰਘ ਇਸ਼ੂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ।ਪੁਲਸ ਨੇ ਗੋਬਿੰਦ ਸਿੰਘ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਪੁਲਸ ਨੇ ਦੋਹਾਂ ਧਿਰਾਂ ਨੂੰ ਸੋਮਵਾਰ ਸੱਦਿਆ ਸੀ। ਗੋਬਿੰਦ ਸਿੰਘ ਪਹੁੰਚ ਗਿਆ ਸੀ, ਪਰ ਦੂਜੀ ਧਿਰ ਨਹੀਂ ਆਈ। ਘਟਨਾ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ।ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਪਹਿਲਾਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਚਰਨ ਦਾਸ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।