ਕਿਸ਼ਨਗੜ੍ਹ (ਸੁਖਜੀਤ ਕੁਮਾਰ)-ਮੁੱਖ ਮੰਤਰੀ ਭਗਵੰਤ ਮਾਨ 9 ਅਗਸਤ (ਐਤਵਾਰ) ਨੂੰ ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਣਗੇ ਅਤੇ ਸੰਤ ਨਿਰੰਜਨ ਦਾਸ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਫਰੀਦਪੁਰ-ਨੌਗੱਜਾ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਜਲੰਧਰ, ਐੱਸ ਅੱੈਸ ਪੀ, ਆਮ ਆਦਮੀ ਪਾਰਟੀ ਜਲੰਧਰ ਦੇ ਪ੍ਰਧਾਨ ਪ੍ਰਦੀਪ ਦੁੱਗਲ, ਜ਼ਿਲ੍ਹਾ ਸਕੱਤਰ ਮਦਨ ਸਿੰਘ, ਜ਼ਿਲ੍ਹਾ ਜਲੰਧਰ ਦੇ ਮੀਡੀਆ ਪ੍ਰਧਾਨ ਮੇਲਾ ਸਿੰਘ ਰੁੜਕਾ, ਗੁਰਪਾਲ ਸਿੰਘ ਪਾਲਾ ਚੇਅਰਮੈਨ, ਹਰਪ੍ਰੀਤ ਕੌਰ ਮਹਿਲਾ ਪ੍ਰਧਾਨ ਤੇ ਅਮਨਦੀਪ ਹਨੀ ਮੀਡੀਆ ਕੋਆਰਡੀਨੇਟਰ ਨੌਗੱਜਾ ਵਿਖੇ ਪਹੁੰਚੇ।
ਕਾਰ-ਕੈਂਟਰ ਟੱਕਰ ‘ਚ 3 ਦੀ ਮੌਤ
ਜਲੰਧਰ (ਸ਼ੈਲੀ ਐਲਬਰਟ)-ਸਥਾਨਕ ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਤੇਜ਼ ਰਫਤਾਰ ਸਵਿਫਟ ਕਾਰ ਸੜਕ ‘ਤੇ ਖੜੇ ਕੈਂਟਰ ਵਿੱਚ ਵੱਜਣ ਕਾਰਨ ਵਾਪਰੇ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਏਨਾ ਭਿਆਨਕ ਸੀ ਕਿ ਅਗਲੀ ਸੀਟ ‘ਤੇ ਬੈਠੇ ਦੋ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੁਕਸਾਨੀ ਗਈ ਕਾਰ ਵਿੱਚ ਫਸ ਗਈਆਂ ਅਤੇ ਪਿਛਲੀ ਸੀਟ ‘ਤੇ ਬੈਠੇ ਤੀਜੇ ਵਿਅਕਤੀ ਦੀ ਮ੍ਰਿਤਕ ਦੇਹ ਸੜਕ ‘ਤੇ ਡਿੱਗੀ ਹੋਈ ਸੀ। ਥਾਣਾ ਮਕਸੂਦਾਂ ਦੇ ਮੁਖੀ ਰਕੇਸ਼ ਕੁਮਾਰ ਅਨੁਸਾਰ ਭਗਤ ਸਿੰਘ ਕਲੋਨੀ ਦੇ ਨੇੜੇ ਹਾਦਸਾ ਹੋਇਆ। ਉਨ੍ਹਾ ਦੱਸਿਆ ਕਿ ਕੈਂਟਰ ਦਾ ਡਰਾਈਵਰ ਵਾਹਨ ਨੂੰ ਸੜਕ ਦੇ ਕੰਢੇ ਖੜਾ ਕਰਕੇ ਕਿਧਰੇ ਚਲਾ ਗਿਆ ਸੀ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ।


