ਨਵੀਂ ਦਿੱਲੀ (ਨ ਜ਼ ਸ)-ਨੀਟ ਪੇਪਰ ਲੀਕ ਦੇ ਮੁੱਦੇ ਉੱਤੇ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ‘ਤੇ ਲਾਠੀਚਾਰਜ ਨੂੰ ਲੈ ਕੇ ਵਿਰੋਧੀ ਧਿਰ ਦੇ ਲੰਮੇ ਵਿਰੋਧ ਅਤੇ ਜਵਾਬਦੇਹੀ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਵਿੱਚ ਇਸ ਮੁੱਦੇ ‘ਤੇ ਜਵਾਬ ਦੇਣਗੇ, ਬਸ਼ਰਤੇ ਵਿਰੋਧੀ ਧਿਰ ਸ਼ਾਂਤੀ ਅਤੇ ਮਰਿਆਦਾ ਬਣਾਈ ਰੱਖੇ ਅਤੇ ਉਨ੍ਹਾ ਦਾ ਜਵਾਬ ਸੁਣੇ।
ਇਹ ਫੈਸਲਾ ਲੋਕ ਸਭਾ ਦੀ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਇਕਜੁੱਟ ਵਿਰੋਧੀ ਧਿਰ ਵੱਲੋਂ ਇਹ ਕਹਿਣ ਤੋਂ ਬਾਅਦ ਆਇਆ ਹੈ ਕਿ ਜਦੋਂ ਤੱਕ ਸ਼ਾਹ ਜਵਾਬ ਨਹੀਂ ਦਿੰਦੇ, ਕੋਈ ਕੰਮਕਾਜ ਨਹੀਂ ਕੀਤਾ ਜਾਵੇਗਾ। ਵਿਰੋਧੀ ਧਿਰ ਨੇ ਰਾਮ ਮੰਦਰ ਚੜ੍ਹਾਵੇ ਦੀ ਕਥਿਤ ਚੋਰੀ ‘ਤੇ ਬਹਿਸ ਦੀ ਵੀ ਮੰਗ ਕੀਤੀ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ, “ਅਸੀਂ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨਾ ਸਿਰਫ ਬਿਆਨ ਦੇਣਗੇ, ਸਗੋਂ ਉਹ ਚਰਚਾ ਦਾ ਜਵਾਬ ਵੀ ਦੇਣਗੇ, ਪਰ ਵਿਰੋਧੀ ਧਿਰ ਨੂੰ ਵਿਘਨ ਨਹੀਂ ਪਾਉਣਾ ਚਾਹੀਦਾ। ਅਸੀਂ ਆਪਣੀ ਪੇਸ਼ਕਸ਼ ਦੇ ਦਿੱਤੀ ਹੈ।””

