ਸੰਗਰੂਰ (ਪ੍ਰਵੀਨ ਸਿੰਘ)
ਦੇਸ਼ ਦੀਆਂ ਕੌਮੀ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਛੱਡੋ’ ਅੰਦੋਲਨ ਦੀ ਵਰ੍ਹੇਗੰਢ ਨੂੰ ਸਮਰਪਿਤ ਸੋਮਵਾਰ ਦੇਸ਼ ਭਰ ਅੰਦਰ ਜੇਲ੍ਹ ਭਰੋ’ ਅੰਦੋਲਨ ਕੀਤਾ ਗਿਆ। ਇਸੇ ਤਹਿਤ ਇੱਥੇ ਸੰਗਰੂਰ ਦੀ ਅਨਾਜ ਮੰਡੀ ਵਿਚ ਏਟਕ ਦੇ ਸੂਬਾ ਆਗੂ ਨਿਰਮਲ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ, ਸੀਟੂ ਦੇ ਜ਼ਿਲ੍ਹਾ ਸਕੱਤਰ ਇੰਦਰਪਾਲ ਪੁੰਨਾਵਾਲ, ਏਟਕ ਦੇ ਸੁਖਦੇਵ ਸ਼ਰਮਾ, ਆਲ ਇੰਡੀਆ ਕਿਸਾਨ ਸਭਾ ਦੇ ਮੇਜਰ ਪੁੰਨਾਵਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਗਤਾਰ ਸਿੰਘ ਕਾਲਾਝਾੜ, ਜਮਹੂਰੀ ਕਿਸਾਨ ਸਭਾ ਦੇ ਊਧਮ ਸੰਤੋਖਪੁਰਾ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ, ਮਿਡ ਡੇ ਮੀਲ ਦੀ ਸੂਬਾਈ ਪ੍ਰਧਾਨ ਜਸਮੇਲ ਕੌਰ ਬੀਰ ਕਲਾਂ, ਮਨਰੇਗਾ ਮਜ਼ਦੂਰਾਂ ਦੇ ਪ੍ਰਧਾਨ ਰਾਮ ਸਿੰਘ ਸੋਹੀਆਂ, ਸਤਵੀਰ ਤੁੰਗਾਂ, ਏਕਟੂ ਦੇ ਗੋਬਿੰਦ ਛਾਜਲੀ, ਡਕੌਂਦਾ ਧਨੇਰ ਦੇ ਜਗਤਾਰ ਦੁੱਗਾਂ, ਰਾਜੇਵਾਲ ਤੋਂ ਕਸ਼ਮੀਰ ਘਰਾਚੋਂ, ਜਗਜੀਤ ਭੁਟਾਲ, ਦਰਸ਼ਨ ਕੂਨਰਾਂ, ਕਿਰਨਜੀਤ ਸੇਖੋਂ, ਜਗਜੀਤ ਭੁਟਾਲ ਜਮਹੂਰੀ ਅਧਿਕਾਰ ਸਭਾ, ਕਰਮਜੀਤ ਕੌਰ ਭਿੰਡਰਾਂ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਨੂੰ ਆੜੇ ਹੱਥੀਂ ਲਿਆ।
ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਲੋਕ-ਮਾਰੂ ਨੀਤੀਆਂ ਲਾਗੂ ਕਰ ਰਹੀ ਹੈ, ਜਿਸ ਕਰਕੇ ਦੇਸ਼ ਦੇ ਹਰ ਵਰਗ ਦਾ ਕਚੂਮਰ ਨਿਕਲਿਆ ਪਿਆ ਹੈ, ਦੇਸ਼ ਦਾ ਮਜ਼ਦੂਰ ਰੋਟੀ ਤੋਂ ਮੁਹਤਾਜ ਹੋ ਰਿਹਾ ਹੈ, ਕਿਸਾਨ ਦੀ ਖੇਤੀਬਾੜੀ ਘਾਟੇ ਦਾ ਸੌਦਾ ਬਣ ਚੁੱਕੀ ਹੈ, ਕੇਂਦਰ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਕਰਕੇ ਕਿਸਾਨੀ ਨੂੰ ਖਤਮ ਕਰ ਰਹੀ ਹੈ।ਦੇਸ਼ ਦੇ ਛੋਟੇ ਕਾਰੋਬਾਰੀ ਤੇ ਦੁਕਾਨਦਾਰ ਕਾਰੋਬਾਰ ਨਾ ਚੱਲਣ ਕਰਕੇ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ, ਦੇਸ਼ ਦਾ ਵਿਦਿਆਰਥੀ ਤੇ ਨੌਜਵਾਨ ਵਰਗ ਪੇਪਰ ਲੀਕ ਤੇ ਬੇਰੁਜ਼ਗਾਰੀ ਵਰਗੀਆਂ ਮਾਰਾਂ ਦਾ ਸਾਹਮਣਾ ਕਰ ਰਿਹਾ ਹੈ, ਦੇਸ਼ ਦਾ ਮੁਲਾਜ਼ਮ ਧਰਨੇ ਲਾਉਣ ਲਈ ਮਜਬੂਰ ਹੋ ਰਿਹਾ ਹੈ, ਮਜ਼ਦੂਰਾਂ ਲਈ ਮਾੜਾ-ਮੋਟਾ ਕੰਮ ਦੇਣ ਵਾਲਾ ਮਨਰੇਗਾ ਵਰਗਾ ਕਾਨੂੰਨ ਵੀ ਕੇਂਦਰ ਦੀਆਂ ਮਾਰੂ ਨੀਤੀਆਂ ਦੀ ਭੇਟ ਚੜ੍ਹ ਗਿਆ ਹੈ।ਆਗੂਆਂ ਨੇ ਕਿਹਾ ਕਿ ਸਾਰੇ ਵਰਗਾਂ ‘ਚ ਬੇਚੈਨੀ ਵਾਲਾ ਮਹੌਲ ਬਣਿਆ ਹੋਇਆ ਹੈ, ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਕੇਂਦਰ ਤੇ ਪੰਜਾਬ ਦੀ ਭਗਵੰਤ ਸਰਕਾਰ ਨਾਲ ਮੀਟਿੰਗਾਂ ਕਰ-ਕਰ ਥੱਕ ਚੁੱਕੇ ਹਨ, ਕਿਸੇ ਦਾ ਵੀ ਕੋਈ ਮਸਲਾ ਹੱਲ ਨਹੀਂ ਹੋ ਰਿਹਾ, ਜਿਸ ਕਰਕੇ ਅੱਜ ਅੱਕ ਕੇ ਦੇਸ਼ ਦੀਆਂ ਕੌਮੀ ਟਰੇਡ ਯੂਨੀਅਨਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਹ ਗ੍ਰਿਫਤਾਰੀਆਂ ਦੇਣ ਦਾ ਪ੍ਰੋਗਰਾਮ ਉਲੀਕਣਾ ਪਿਆ।ਇਸ ਉਪਰੰਤ ਅਨਾਜ ਮੰਡੀ ਵਿਚ ਇਕੱਤਰ ਹੋਏ ਵਰਕਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਵੱਲ ਵਧਣਾ ਸ਼ੁਰੂ ਕੀਤਾ ਤੇ ਆਪਣੇ-ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ।
ਲੁਧਿਆਣਾ (ਐੱਮ ਐੱਸ ਭਾਟੀਆ) : ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ‘ਤੇ ਰੋਸ ਪ੍ਰਦਰਸ਼ਨ ਮਿੰਨੀ ਸਕੱਤਰੇਤ ਸਾਹਮਣੇ ਕੀਤਾ ਗਿਆ।ਇਸ ਮੌਕੇ ਬੋਲਦਿਆਂ ਏਟਕ ਦੀ ਕੌਮੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਦੇਸ਼ ਡੂੰਘੇ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਕੇਂਦਰ ਸਰਕਾਰ ਦੇਸੀ ਅਤੇ ਵਿਦੇਸ਼ੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਨੀਤੀਆਂ ਲਗਾਤਾਰ ਅਪਣਾ ਰਹੀ ਹੈ, ਜਦਕਿ ਆਮ ਲੋਕਾਂ, ਖ਼ਾਸ ਕਰਕੇ ਕਮਜ਼ੋਰ ਅਤੇ ਗਰੀਬ ਵਰਗਾਂ ਵਿੱਚ ਅਸਮਾਨਤਾਵਾਂ ਹੋਰ ਵਧੀਆਂ ਹਨ। ਕੇਂਦਰੀ ਟਰੇਡ ਯੂਨੀਅਨਾਂ ਦੇ ਮੰਚ ਵੱਲੋਂ ਛੇ ਕੌਮੀ ਆਮ/ ਸਨਅਤੀ ਹੜਤਾਲਾਂ ਅਤੇ ਕਈ ਵਾਰ ਵਿਸ਼ਾਲ ਜਨਤਕ-ਲਾਮਬੰਦੀਆਂ ਦੇ ਬਾਵਜੂਦ ਸਰਕਾਰ ਨੇ 21 ਨਵੰਬਰ 2025 ਨੂੰ ਚਾਰ ਸਖ਼ਤ ਲੇਬਰ ਕੋਡ ਲਾਗੂ ਕਰਨ ਲਈ ਨੋਟੀਫਾਈ ਕਰ ਦਿੱਤੇ ਅਤੇ 8 ਅਤੇ 9 ਮਈ 2026 ਨੂੰ ਇਨ੍ਹਾਂ ਦੇ ਨਿਯਮ ਵੀ ਨੋਟੀਫਾਈ ਕਰ ਦਿੱਤੇ ਹਨ। ਉਹਨਾ ਕਿਹਾ ਕਿ ਚਾਰ ਮਜ਼ਦੂਰ ਕੋਡ ਅਤੇ ਉਨ੍ਹਾਂ ਦੇ ਨਿਯਮ ਰੱਦ ਕੀਤੇ ਜਾਣ। ਇਸ ਮੌਕੇ ਆਂਗਨਵਾੜੀ ਕਾਮਿਆਂ ਦੀ ਸੂਬਾਈ ਆਗੂ ਸੁਭਾਸ਼ ਰਾਣੀ ਨੇ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ਕਿਸਾਨਾਂ ਅਤੇ ਗਰੀਬ ਲੋਕਾਂ ਦੇ ਕਰਜ਼ਿਆਂ ਦੀ ਵਿਆਪਕ ਮੁਆਫ਼ੀ ਕੀਤੀ ਜਾਵੇ। ਐੱਲ ਏ ਆਰ ਆਰ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।ਜਨਤਕ ਖੇਤਰ ਦੇ ਅਦਾਰੇ ਅਤੇ ਜਨਤਕ ਸੇਵਾਵਾਂ ਦਾ ਨਿੱਜੀਕਰਨ, ਵਿਨਿਵੇਸ਼ ਅਤੇ ਵਿਕਰੀ ਬੰਦ ਕੀਤੀ ਜਾਵੇ, ਐੱਨ ਐੱਮ ਪੀ 2.0 ਰੋਕਿਆ ਜਾਵੇ, ਕੁਦਰਤੀ ਸਰੋਤਾਂ ਦੀ ਲੁੱਟ, ਆਊਟਸੋਰਸਿੰਗ ਅਤੇ ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ।ਸਾਰਿਆਂ ਲਈ ਸਰਬਵਿਆਪੀ ਪੈਨਸ਼ਨ ਯਕੀਨੀ ਬਣਾਈ ਜਾਵੇ।ਸਾਰੀਆਂ ਮਨਜ਼ੂਰਸ਼ੁਦਾ ਖਾਲੀ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇ ।
ਆਗੂਆਂ ਚੇਤਾਵਨੀ ਦਿੱਤੀ ਕਿ ਜੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਦੇਸ਼ ਭਰ ਵਿੱਚ ਕਈ ਦਿਨਾਂ ਦੇ ਅੰਦੋਲਨ ਅਤੇ ਸਿੱਧੇ ਸੰਘਰਸ਼ੀ ਐਕਸ਼ਨ ਕੀਤੇ ਜਾਣਗੇ। ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਦੋਵਾਂ ਮੋਰਚਿਆਂ ਵੱਲੋਂ ਚਲਾਏ ਜਾਣ ਵਾਲੇ ਆਪੋ-ਆਪਣੇ ਸੰਘਰਸ਼ਾਂ ਨੂੰ ਆਪਸੀ ਇਕਜੁੱਟਤਾ ਅਤੇ ਸਮਰਥਨ ਦੇਣਾ ਜਾਰੀ ਰੱਖਿਆ ਜਾਵੇਗਾ।ਪ੍ਰਧਾਨਗੀ ਮੰਡਲ ਵਿੱਚ ਵਿਜੇ ਕੁਮਾਰ, ਸੁਖਵਿੰਦਰ ਸਿੰਘ ਲੋਟੇ, ਜੈ ਪ੍ਰਕਾਸ਼ ਨਰਾਇਣ, ਪਰਮਜੀਤ ਸਿੰਘ, ਚਮਕੌਰ ਸਿੰਘ ਬਰਮੀ, ਸਤਨਾਮ ਸਿੰਘ ਵੜੈਚ, ਸੌਦਾਗਰ ਸਿੰਘ ਘੁਢਾਣੀ ਤੇ ਕਰਮਜੀਤ ਸਿੰਘ ਬੀ ਕੇ ਯੂ (ਰਾਜੇਵਾਲ) ਸ਼ਾਮਲ ਸਨ। ਸਟੇਜ ਦੀ ਕਾਰਵਾਈ ਐੈੱਮ ਐੱਸ ਭਾਟੀਆ, ਡਾ. ਗੁਰਵਿੰਦਰ ਸਿੰਘ ਅਤੇ ਅਮਰਨਾਥ ਕੂੰਮ ਕਲਾਂ ਨੇ ਚਲਾਈ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਸੀਟੂ ਵੱਲੋਂ ਜਤਿੰਦਰ, ਕੇਵਲ ਸਿੰਘ ਬਨਵੈਤ, ਸੀ ਟੀ ਯੂ ਪੰਜਾਬ ਵਲੋਂ ਜਗਦੀਸ਼ ਚੰਦ, ਐਕਟੂ ਦੇ ਆਗੂ ਬਬਨ ਕੁਮਾਰ, ਕੁੱਲ ਹਿੰਦ ਕਿਸਾਨ ਸਭਾ (ਹਨਨਮੁੱਲਾ) ਦੇ ਆਗੂ ਬਲਜੀਤ ਗਰੇਵਾਲ, ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂ ਸੌਦਾਗਰ ਸਿੰਘ ਘੁਡਾਣੀ, ਕੁੱਲ ਹਿੰਦ ਕਿਸਾਨ ਸਭਾ 1936 ਦੇ ਆਗੂ ਜਸਬੀਰ ਝੱਜ, ਬੀ ਕੇ ਯੂ ਰਾਜੇਵਾਲ ਦੇ ਆਗੂ ਕਰਮਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ ਅਤੇ ਹਰਨੇਕ ਗੁੱਜਰਵਾਲ ਅਤੇ ਬਲਰਾਮ ਸਿੰਘ ਸ਼ਾਮਲ ਸਨ।ਇਸ ਅੰਦੋਲਨ ਨੂੰ ਟੀ ਯੂ ਸੀ ਸੀ ਨਾਲ ਸੰਬੰਧਤ ਆਜ਼ਾਦ ਹਿੰਦ ਨਿਰਮਾਣ ਯੂਨੀਅਨ ਦੇ ਅਨਿਲ ਸ਼ਰਮਾ, ਸਟੀਲ ਐਂਡ ਮੋਲਡਰ ਵਰਕਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਬੀ ਕੇ ਯੂ ਡਕੌਂਦਾ ਧਨੇਰ ਹੰਬੜਾਂ ਬਲਾਕ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ।ਰੈਲੀ ਦੀ ਸਮਾਪਤੀ ਤੋਂ ਬਾਅਦ ਆਗੂਆਂ ਅਤੇ ਵਰਕਰਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ।ਭਾਰੀ ਪੁਲਸ ਪ੍ਰਬੰਧ ਦੇ ਨਾਲ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਜਾਣ ਤੋਂ ਰੋਕਿਆ ਗਿਆ ਅਤੇ ਏ ਡੀ ਸੀ ਜਨਰਲ ਸ਼ਿਖਾ ਭਗਤ ਨੇ ਅੰਦੋਲਨਕਾਰੀਆਂ ਨੂੰ, ਜੋ ਕਿ ਜੇਲ੍ਹ ਭਰੋ ਦੇ ਹੋਕੇ ਤਹਿਤ ਉੱਥੇ ਗ੍ਰਿਫਤਾਰੀਆਂ ਦੇਣ ਲਈ ਹਾਜ਼ਰ ਸਨ, ਦੀਆਂ ਮੰਗਾਂ ਸੁਣੀਆਂ ਅਤੇ ਵਿਸ਼ਵਾਸ ਦਵਾਇਆ ਕਿ ਉਹ ਸਰਕਾਰ ਤੱਕ ਉਨ੍ਹਾਂ ਦੀ ਆਵਾਜ਼ ਪਹੁੰਚਾਉਣਗੇ।
ਛੇਹਰਟਾ/ਖਾਸਾ/ਚੇਤਨਪੁਰਾ (ਮਨੋਜ ਕੁਮਾਰ, ਸ਼ਸ਼ਪਾਲ ਸਿੰਘ, ਸੁਖਵੰਤ ਚੇਤਨਪੁਰੀ) : ਕਿਸਾਨਾਂ, ਮਜ਼ਦੂਰਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ ਅਤੇ ਸਮੂਹ ਮਿਹਨਤਕਸ਼ ਲੋਕਾਂ ਵੱਲੋਂ ਇੱਕ ਵਿਸ਼ਾਲ ਇਕੱਠ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਇਆ ਗਿਆ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ। ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ “’ਮੋਦੀ ਭਜਾਓ, ਦੇਸ਼ ਬਚਾਓ’” ਦੇ ਨਾਅਰੇ ਬੁਲੰਦ ਕੀਤੇ ਗਏ ਅਤੇ ਕੇਂਦਰ ਸਰਕਾਰ ਤੋਂ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਸਮੇਤ ਕਈ ਅਹਿਮ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਮੁੱਖ ਮੰਗਾਂ ‘ਤੇ ਜ਼ੋਰ ਦਿੰਦਿਆਂ ਬੁਲਾਰਿਆਂ ਨੇ ਆਂਗਣਵਾੜੀ ਵਰਰਕਰ, ਆਸ਼ਾ ਅਤੇ ਮਿੱਡ-ਡੇ-ਮੀਲ ਵਰਗੀਆਂ ਸਕੀਮ ਅਧੀਨ ਕੰਮ ਕਰ ਰਹੀਆਂ ਵਰਕਰਾਂ ਨੂੰ ਪੱਕਾ ਕੀਤਾ ਜਾਵੇ।ਸਟਰੀਟ ਲਾਈਟ ਵਰਕਰਾਂ ਅਤੇ ਸਫ਼ਾਈ ਸੇਵਕਾਂ ਨੂੰ ਸਰਕਾਰੀ ਮੁਲਾਜ਼ਮਾਂ ਦਾ ਦਰਜਾ ਦਿੱਤਾ ਜਾਵੇ।ਠੇਕੇਦਾਰੀ ਪ੍ਰਥਾ ਅਤੇ ਨਿਜੀਕਰਨ ਨੂੰ ਮੁਕੰਮਲ ਰੂਪ ਵਿੱਚ ਬੰਦ ਕਰਕੇ ਹਰ ਮਜ਼ਦੂਰ ਲਈ ਘੱਟੋ-ਘੱਟ 26 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਨਿਰਧਾਰਤ ਕੀਤੀ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਕਿਸਾਨ ਅਤੇ ਟਰੇਡ ਯੂਨੀਅਨ ਆਗੂਆਂ ਕਾਮਰੇਡ ਸੁੱਚਾ ਸਿੰਘ ਅਜਨਾਲਾ, ਅਮਰਜੀਤ ਸਿੰਘ ਆਂਸਲ, ਜਗਤਾਰ ਸਿੰਘ ਕਰਮਪੁਰਾ, ਗੁਰਮਿੰਦਰ ਕੌਰ, ਸਰੋਜ ਬਾਲਾ, ਸੁਮਨ ਰਾਣੀ, ਦਸਵਿੰਦਰ ਕੌਰ, ਨਰਿੰਦਰ ਬੱਲ, ਜਸਬੀਰ ਸਿੰਘ ਝਬਾਲ, ਬਲਕਾਰ ਸਿੰਘ ਦੁਧਾਲਾ, ਡਾਕਟਰ ਪਰਮਿੰਦਰ ਸਿੰਘ, ਲਖਬੀਰ ਸਿੰਘ ਨਿਜ਼ਾਮਪੁਰਾ, ਗੁਰਦੇਵ ਸਿੰਘ ਵਰਪਾਲ, ਹਰਜੀਤ ਸਿੰਘ ਝੀਤਾ, ਹਰਪਾਲ ਸਿੰਘ ਛੀਨਾ, ਅਮਰੀਕ ਸਿੰਘ ਸੰਗਤਪੁਰਾ, ਸੁਵਿੰਦਰ ਸਿੰਘ ਮੀਰਾਂਕੋਟ, ਰਣਜੀਤ ਸਿੰਘ ਬੱਲ, ਗੁਰਨਾਮ ਸਿੰਘ, ਮੰਗਲ ਸਿੰਘ, ਹਰਭਜਨ ਸਿੰਘ ਟਰਪਈ, ਬਲਬੀਰ ਸਿੰਘ ਮੂਧਲ ਅਤੇ ਸ਼ਮਸ਼ੇਰ ਸਿੰਘ ਹੇਰ ਨੇ ਕੇਂਦਰ ਦੀਆਂ ਲੋਕ-ਵਿਰੋਧੀ ਨੀਤੀਆਂ ‘ਤੇ ਤਿੱਖੇ ਹਮਲੇ ਕੀਤੇ।
ਬੁਲਾਰਿਆਂ ਨੇ ਆਖਿਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਰੋਸ ਪ੍ਰਦਰਸ਼ਨ ਦੌਰਾਨ ਚਰਨਜੀਤ ਸਿੰਘ ਮਜੀਠਾ, ਮੰਗਲ ਸਿੰਘ ਖਜਾਲਾ, ਪਰਕਾਸ਼ ਸਿੰਘ ਕੈਰੋਨੰਗਲ, ਕਿਰਪਾ ਰਾਮ, ਤਰਸੇਮ ਸਿੰਘ ਦਿਓਲ, ਵਾਸੂਦੇਵ ਅਤੇ ਗੁਰਦੀਪ ਬੁਤਾਲਾ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਸਾਥੀ ਅਤੇ ਆਗੂ ਹਾਜ਼ਰ ਸਨ।
ਮਾਨਸਾ (ਆਤਮਾ ਸਿੰਘ ਪਮਾਰ) : ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਵਿਆਪੀ ਸੱਦੇ ਤਹਿਤ ਸਥਾਨਕ ਮਾਲ ਗੋਦਾਮ ‘ਤੇ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ‘ਚ ਰੋਸ ਪ੍ਰਦਰਸ਼ਨ ਕਰਦੇ ਹੋਏ ਮਾਨਸਾ ਕਚਹਿਰੀਆਂ ‘ਚ ਪੁਲਸ ਦੀਆਂ ਰੋਕਾਂ ਨੂੰ ਤੋੜਦਿਆਂ ਕਚਹਿਰੀਆਂ ਦੇ ਮੁੱਖ ਗੇਟ ਅੱਗੇ ਜ਼ਬਰਦਸਤ ਨਾਅਰੇਬਾਜ਼ੀ ਵੀ ਗਈ।ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਪੂਨਮ ਸਿੰਘ ਵੱਲੋਂ ਧਰਨੇ ‘ਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਰਾਜਵਿੰਦਰ ਰਾਣਾ, ਰਾਮ ਸਿੰਘ ਭੈਣੀ ਬਾਘਾ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਐਡਵੋਕੇਟ ਕੁਲਵਿੰਦਰ ਉਡਤ, ਗੁਰਨਾਮ ਸਿੰਘ ਭੀਖੀ, ਨਿਰਮਲ ਸਿੰਘ ਝੰਡੂਕੇ, ਲਖਵੀਰ ਅਕਲੀਆ, ਰਣਜੀਤ ਕੌਰ ਬਰੇਟਾ, ਗਗਨਦੀਪ ਕੌਰ ਬਰੇਟਾ, ਅਮਰੀਕ ਸਿੰਘ ਫਫੜੇ ਭਾਈਕੇ, ਛਿੰਦਰ ਸਰਦੂਲਗੜ੍ਹ, ਭਜਨ ਸਿੰਘ ਘੁੰਮਣ, ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਗੁਰਸੇਵਕ ਮਾਨ ਅਤੇ ਜੋਤੀ ਸਿੰਗਲਾ ਵੱਲੋਂ ਕੀਤੀ ਗਈ।ਆਗੂਆਂ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਕੌਡੀਆਂ ਦੇ ਭਾਅ ਵੇਚ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਨਵੇਂ ਰੂਪ ‘ਚ ਦੇਸ਼ ਦੇ ਸ੍ਰੋਤਾਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਪ੍ਰਸਤਾਵਿਤ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦੀਆਂ ਅਸਮਾਨ ਟੈਰਿਫ ਨੀਤੀਆਂ ਭਾਰਤੀ ਕਿਸਾਨਾਂ ਦੇ ਹਿੱਤਾਂ ‘ਤੇ ਸਿੱਧਾ ਹਮਲਾ ਹਨ। ਇਨ੍ਹਾਂ ਨੀਤੀਆਂ ਕਾਰਨ ਖੇਤੀ, ਡੇਅਰੀ ਫਾਰਮਿੰਗ ਅਤੇ ਪੋਲਟਰੀ ਫਾਰਮਿੰਗ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ। ਉਹਨਾਂ ਕਿਹਾ ਕਿ ਇਸ ਸਮਝੌਤੇ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ‘ਤੇ ਕਿਸਾਨਾਂ, ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤੇ ਅਤੇ ਮੰਗ ਪੱਤਰ ਦਿੱਤੇ। ਕਿਸਾਨਾਂ-ਮਜ਼ਦੂਰਾਂ ਨੇ ਮੰਗ ਕੀਤੀ ਕਿ ਭਾਰਤ-ਅਮਰੀਕਾ ਵਿਚਕਾਰ ਚੱਲ ਰਹੀ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਬੰਦ ਕੀਤੀ ਜਾਵੇ, ਸਾਰੀਆਂ ਫਸਲਾਂ ਦੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ-2+ 50 ਫੀਸਦੀ ਦੇ ਹਿਸਾਬ ਨਾਲ ਐੱਮ ਐੱਸ ਪੀ ਮਿਥੀ ਜਾਵੇ ਅਤੇ ਇਸ ਰੇਟ ‘ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਉਹਨਾਂ ਮੰਗ ਕੀਤੀ ਕਿ ਕਿਸਾਨਾਂ, ਮਜ਼ਦੂਰਾਂ ਸਿਰ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜ੍ਹਿਆ ਹੈ, ਇਸ ਲਈ ਉਹਨਾਂ ਦਾ ਸਾਰਾ ਕਰਜ਼ਾ ਰੱਦ ਕੀਤਾ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ‘ਤੇ ਘੱਟੋ-ਘੱਟ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ।ਵੱਖ-ਵੱਖ ਥਾਵਾਂ ‘ਤੇ ਇਹਨਾਂ ਇਕੱਠਾਂ ਨੂੰ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਬੁਰਜ ਗਿੱਲ, ਨਿਰਭੈ ਸਿੰਘ ਢੁੱਡੀਕੇ, ਬਲਦੇਵ ਸਿੰਘ ਨਿਹਾਲਗੜ੍ਹ, ਡਾਕਟਰ ਦਰਸ਼ਨ ਪਾਲ, ਗੁਰਨਾਮ ਸਿੰਘ ਭੀਖੀ, ਹਰਭਜਨ ਸਿੰਘ ਬੁੱਟਰ, ਡਾ: ਸਤਨਾਮ ਸਿੰਘ ਅਜਨਾਲਾ, ਜੰਗਵੀਰ ਸਿੰਘ ਚੌਹਾਨ, ਨਛੱਤਰ ਸਿੰਘ ਜੈਤੋ, ਸੁਖਦੇਵ ਸਿੰਘ ਅਰਾਈਆਂ ਵਾਲਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਹਰਮੀਤ ਸਿੰਘ ਕਾਦੀਆਂ, ਫਰਮਾਨ ਸਿੰਘ ਸੰਧੂ, ਬਲਵਿੰਦਰ ਸਿੰਘ ਰਾਜੂ ਔਲਖ, ਪ੍ਰੇਮ ਸਿੰਘ ਭੰਗੂ, ਕਿਰਨਜੀਤ ਸਿੰਘ ਸੇਖੋਂ, ਰਘਵੀਰ ਸਿੰਘ ਮਿਹਰਵਾਲ, ਜਸਕਰਨ ਸਿੰਘ ਗੋਲੇ ਵਾਲਾ, ਮੇਜਰ ਸਿੰਘ ਭਿੱਖੀਵਿੰਡ, ਮਲੂਕ ਸਿੰਘ ਹੀਰ ਕੇ, ਬੂਟਾ ਸਿੰਘ ਸ਼ਾਦੀਪੁਰ, ਹਰਜਿੰਦਰ ਸਿੰਘ ਟਾਂਡਾ, ਵੀਰ ਸਿੰਘ ਬੜਵਾ, ਹਰਬੰਸ ਸਿੰਘ ਸੰਘਾ, ਕੰਵਲਪ੍ਰੀਤ ਸਿੰਘ ਪੰਨੂ ਅਤੇ ਦਿਲਬਾਗ ਸਿੰਘ ਡਾਲੇਕੇ ਤੋਂ ਇਲਾਵਾ ਵੱਖ-ਵੱਖ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।




