ਸਕੂਲੀ ਫੀਸ ਲਈ ਕਾਂਵੜ ਯਾਤਰਾ!

0
7

ਫਰੀਦਾਬਾਦ (ਨ ਜ਼ ਸ)-ਇੱਥੋਂ ਲਗਭਗ 75 ਕਿੱਲੋਮੀਟਰ ਦੂਰ ਕੋਸੀ ਕਲਾਂ ਕਸਬੇ ਦੇ ਚਾਰ ਭੈਣ-ਭਰਾਵਾਂ ਨੇ ਛਾਲੇ ਪਏ ਪੈਰਾਂ ਅਤੇ ਮੋਢਿਆਂ ਉੱਤੇ ਗੰਗਾ ਜਲ ਵਾਲੀ ਕਾਂਵੜ ਚੁੱਕ ਕੇ ਕਾਂਵੜ ਯਾਤਰਾ ਕੀਤੀ ਹੈ। ਉਨ੍ਹਾਂ ਦੀ ਅਨੋਖੀ ਅਰਦਾਸ ਹੈ ਕਿ ਭਗਵਾਨ ਸ਼ਿਵ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਕੂਲ ਦੀ ਫੀਸ ਅਦਾ ਕਰਨ ਵਿੱਚ ਮਦਦ ਕਰਨ, ਜਿਸ ਕਰਕੇ ਉਨ੍ਹਾਂ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ। ਇਹ ਬੱਚੇ, ਜਿਨ੍ਹਾਂ ਵਿੱਚ 7 ਸਾਲ ਦੀ ਪ੍ਰੇਰਨਾ (ਤੀਜੀ ਜਮਾਤ), ਸ਼ਿਵਮ (ਸੱਤਵੀਂ ਜਮਾਤ), ਨੌਵੀਂ ਜਮਾਤ ਵਿੱਚ ਪੜ੍ਹਦਾ ਇੱਕ ਹੋਰ ਭਰਾ ਅਤੇ ਉਨ੍ਹਾਂ ਦੀ ਵੱਡੀ ਭੈਣ ਸਾਧਨਾ (ਗਿਆਰ੍ਹਵੀਂ ਜਮਾਤ) ਗੰਗਾ ਤੋਂ ਪਵਿੱਤਰ ਜਲ ਇਕੱਠਾ ਕਰਨ ਤੋਂ ਬਾਅਦ 30 ਜੁਲਾਈ ਨੂੰ ਹਰਿਦੁਆਰ ਤੋਂ ਪੈਦਲ ਰਵਾਨਾ ਹੋਏ ਸਨ। ਉਨ੍ਹਾਂ ਦੇ ਮਾਤਾ-ਪਿਤਾ, ਸੁਨੀਤਾ ਅਤੇ ਭਰਤ ਸਿੰਘ, ਦਿਵਿਆਂਗ ਹਨ ਅਤੇ ਆਰਥਕ ਮੁਸ਼ਕਲਾਂ ਨਾਲ ਜੂਝ ਰਹੇ ਹਨ। ਪਰਵਾਰ ਕਈ ਮਹੀਨਿਆਂ ਤੋਂ ਬੱਚਿਆਂ ਦੀ ਪ੍ਰਾਈਵੇਟ ਸਕੂਲ ਦੀ ਫੀਸ ਨਹੀਂ ਦੇ ਸਕਿਆ, ਜਿਸ ਤੋਂ ਬਾਅਦ ਇਨ੍ਹਾਂ ਭੈਣ-ਭਰਾਵਾਂ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ।
ਰਿਸ਼ਤੇਦਾਰਾਂ ਜਾਂ ਦੋਸਤਾਂ ਵੱਲੋਂ ਕੋਈ ਮਦਦ ਨਾ ਮਿਲਣ ਉੱਤੇ ਬੱਚਿਆਂ ਨੇ ਇਹ ਤੀਰਥ ਯਾਤਰਾ ਕਰਨ ਦਾ ਫੈਸਲਾ ਕੀਤਾ, ਇਸ ਉਮੀਦ ਨਾਲ ਕਿ ਉਨ੍ਹਾਂ ਦੀਆਂ ਅਰਦਾਸਾਂ ਨਾਲ ਭਗਵਾਨ ਸ਼ਿਵ ਵੱਲੋਂ ਕੋਈ ਚਮਤਕਾਰ ਹੋ ਜਾਵੇਗਾ। ਵਿਸ਼ਵ ਗੁਰੂ ਬਣਨ ਜਾ ਰਹੇ ਦੇਸ਼ ਦੇ ਇਨ੍ਹਾਂ ਬੱਚਿਆਂ ਦੀ ਦਾਸਤਾਨ ਸਮਾਜ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੀ ਭੂਮਿਕਾ ਉੱਤੇ ਵੀ ਸਵਾਲ ਖੜ੍ਹੇ ਕਰਦੀ ਹੈ ਕਿ ਉਨ੍ਹਾਂ ਇਨ੍ਹਾਂ ਦੀ ਪੜ੍ਹਾਈ ਲਈ ਕੁਝ ਨਹੀਂ ਕੀਤਾ।
ਬੱਚੇ ਪਿੱਠ ‘ਤੇ ਚੁੱਕ ਕੇ ਨਦੀ ਪਾਰ ਕਰਾਉਂਦੇ ਮਾਪੇ
ਨਾਹਨ (ਹਿਮਾਚਲ ਪ੍ਰਦੇਸ਼)-ਸਕੂਲੀ ਬੱਚਿਆਂ ਨੂੰ ਮੌਸਮੀ ਨਦੀ ਵਿੱਚੋਂ ਲੰਘਾਏ ਜਾਣ ਦੇ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼ਾਂ ਨੇ ਇੱਕ ਵਾਰ ਫਿਰ ਸ਼ਿਲਾਈ ਵਿਕਾਸ ਬਲਾਕ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬੁਨਿਆਦੀ ਸੰਪਰਕ ਢਾਂਚੇ ਦੀ ਘਾਟ ਨੂੰ ਉਜਾਗਰ ਕੀਤਾ ਹੈ। ਗ੍ਰਾਮ ਪੰਚਾਇਤ ਦਹਰ ਦੇ ਪ੍ਰਧਾਨ ਬਿਲਮ ਚੱਜਤਾ ਵੱਲੋਂ ਸਾਂਝੇ ਕੀਤੇ ਗਏ ਵੀਡੀਓਜ਼ ਵਿੱਚ ਪਿੰਡ ਵਾਸੀ ਸਕੂਲੀ ਬੱਚਿਆਂ ਨੂੰ ਆਪਣੀ ਪਿੱਠ ‘ਤੇ ਚੁੱਕ ਕੇ ਦਹਰ ਪਿੰਡ ਦੇ ਨੇੜੇ ਇੱਕ ਮੌਸਮੀ ਨਾਲੇ ‘ਚੋਂ ਲੰਘ ਹਨ। ਨੇੜਲੇ ਦੋ ਪਿੰਡਾਂ ਦੇ 25 ਤੋਂ ਵੱਧ ਪਰਵਾਰਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਇਸ ਨਾਲੇ ਨੂੰ ਪਾਰ ਕਰਨਾ ਪੈਂਦਾ ਹੈ। ਛੋਟੇ ਬੱਚਿਆਂ ਨੂੰ ਵੀ ਸਕੂਲ ਪਹੁੰਚਣ ਲਈ ਇਸ ਦੀ ਵਰਤੋਂ ਕਰਨੀ ਪੈਂਦੀ ਹੈ। ਪਿੰਡ ਵਾਸੀਆਂ ਮੁਤਾਬਕ ਵੀਡੀਓ ਕੁਝ ਦਿਨ ਪਹਿਲਾਂ ਰਿਕਾਰਡ ਕੀਤੇ ਗਏ ਸਨ। ਜਦੋਂ ਸਵੇਰੇ ਮੌਸਮ ਸਾਫ ਸੀ ਅਤੇ ਕੁਝ ਬੱਚਿਆਂ ਨੂੰ ਟੀਕਾਕਰਨ ਲਈ ਲਿਜਾਇਆ ਗਿਆ ਸੀ। ਹਾਲਾਂਕਿ, ਜਦੋਂ ਉਹ ਵਾਪਸ ਆਏ, ਨਦੀ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਗਿਆ। ਕੋਈ ਫੁੱਟਬ੍ਰਿਜ ਜਾਂ ਸੁਰੱਖਿਅਤ ਬਦਲਵਾਂ ਰਸਤਾ ਉਪਲੱਬਧ ਨਾ ਹੋਣ ਕਰਕੇ ਮਾਪਿਆਂ ਨੂੰ ਬੱਚਿਆਂ ਨੂੰ ਨਦੀ ਪਾਰ ਕਰਨ ਲਈ ਮਜਬੂਰ ਹੋਣਾ ਪਿਆ।