ਭਰੂਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਕਿਹਾ ਕਿ ਸ਼ਹਿਰੀ ਨਕਸਲੀ ਆਪਣਾ ਰੂਪ ਬਦਲ ਕੇ ਗੁਜਰਾਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਹ ਰਾਜ ਉਨ੍ਹਾਂ ਨੂੰ ਸੂਬੇ ਦੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨ ਦੇਵੇਗਾ। ਦੇਸ਼ ਦੇ ਪਹਿਲੇ ‘ਬਲਕ ਡਰੱਗ ਪਾਰਕ’ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਬਾਇਲੀ ਬਹੁਗਿਣਤੀ ਵਾਲੇ ਅਮੋਦ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾ ਕਿਹਾਸ਼ਹਿਰੀ ਨਕਸਲੀ ਨਵੇਂ ਰੂਪ ’ਚ ਰਾਜ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਪਣਾ ਚੋਲਾ ਬਦਲ ਲਿਆ ਹੈ। ਉਹ ਸਾਡੇ ਮਾਸੂਮ ਤੇ ਊਰਜਾ ਨਾਲ ਭਰਪੂਰ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਸ਼ਹਿਰੀ ਨਕਸਲੀ ਇੱਥੇ ਆ ਕੇ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ। ਅਸੀਂ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਇਨ੍ਹਾਂ ਸ਼ਹਿਰੀ ਨਕਸਲੀਆਂ ਤੋਂ ਆਪਣੇ ਨੌਜਵਾਨਾਂ ਨੂੰ ਬਚਾਉਣਾ ਹੈ। ਉਹ ਵਿਦੇਸ਼ੀ ਤਾਕਤਾਂ ਦੇ ਏਜੰਟ ਹਨ। ਗੁਜਰਾਤ ਉਨ੍ਹਾਂ ਸਾਹਮਣੇ ਕਦੀ ਵੀ ਸਿਰ ਨਹੀਂ ਝੁਕਾਏਗਾ। ਗੁਜਰਾਤ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ। ਮੋਦੀ ਨੇ ਆਨੰਦ ਵਿਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਨਾਂਅ ਲਏ ਬਿਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਰਦਾਰ ਵੱਲਭ ਭਾਈ ਪਟੇਲ ਨੇ ਤੱਤਕਾਲੀ ਰਿਆਸਤਾਂ ਦੇ ਰਲੇਵੇਂ ਦੇ ਸਾਰੇ ਮੁੱਦੇ ਹੱਲ ਕਰ ਦਿੱਤੇ ਸਨ, ਪਰ ਕਸ਼ਮੀਰ ਦਾ ਜ਼ਿੰਮਾ ‘ਕਿਸੇ ਹੋਰ ਵਿਅਕਤੀ’ ਕੋਲ ਸੀ ਤੇ ਉਹ ਅਣਸੁਲਝਿਆ ਹੀ ਰਿਹਾ। ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਲਟਕ ਰਿਹਾ ਕਸ਼ਮੀਰ ਮਸਲਾ ਇਸ ਲਈ ਹੱਲ ਕਰਨ ਦੇ ਸਮਰੱਥ ਹੋਏ, ਕਿਉਂਕਿ ਉਹ ਸਰਦਾਰ ਪਟੇਲ ਦੇ ਨਕਸ਼ੇ-ਕਦਮ ’ਤੇ ਚਲਦੇ ਹਨ। ਮੋਦੀ ਨੇ ਕਿਹਾਸਰਦਾਰ ਸਾਹਿਬ ਸਾਰੀਆਂ ਰਿਆਸਤਾਂ ਨੂੰ ਭਾਰਤ ’ਚ ਰਲਾਉਣ ਲਈ ਮਨਾਉਣ ’ਚ ਕਾਮਯਾਬ ਰਹੇ, ਪਰ ਇੱਕ ਹੋਰ ਵਿਅਕਤੀ ਨੇ ਕਸ਼ਮੀਰ ਦੇ ਮੁੱਦੇ ਨੂੰ ਹੱਲ ਕਰਨ ਦਾ ਜ਼ਿੰਮਾ ਸੰਭਾਲਿਆ ਸੀ।




