ਮੇਰੀ ਸਟੇਜ ਦਾ ਸ਼ੁੱਧੀਕਰਨ ਕਰਨ ਵਾਲਿਆਂ ਨੂੰ ਫੜੋ : ਖੜਗੇ

0
12

ਨਵੀਂ ਦਿੱਲੀ (ਨ ਜ਼ ਸ)
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵੀਰਵਾਰ ਦੋਸ਼ ਲਗਾਇਆ ਕਿ ਭਾਜਪਾ ਨਾਲ ਜੁੜੇ ਲੋਕਾਂ ਨੇ ਉੱਤਰਾਖੰਡ ਦੇ ਰਾਮਲੀਲ੍ਹਾ ਮੈਦਾਨ ਵਿੱਚ ਸਟੇਜ ਦਾ ਸ਼ੁੱਧੀਕਰਨ ਕੀਤਾ, ਜਿੱਥੇ ਉਨ੍ਹਾ ਭਾਸ਼ਣ ਦਿੱਤਾ ਸੀ।
ਖੜਗੇ, ਜੋ ਕਿ ਕਾਂਗਰਸ ਪ੍ਰਧਾਨ ਵੀ ਹਨ, ਨੇ ਮੰਗ ਕੀਤੀ ਕਿ ਹਲਦਵਾਨੀ ਵਿੱਚ ਸਟੇਜ ਨੂੰ ਸ਼ੁੱਧ ਕਰਨ ਵਾਲਿਆਂ ਵਿਰੁੱਧ ਛੂਤ-ਛਾਤ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।
ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਜੇ ਪੀ ਨੱਢਾ ਨੇ ਕਿਹਾ ਕਿ ਭਾਜਪਾ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਅਤੇ ਘਟਨਾ ਦੀ ਜਾਂਚ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਜਦੋਂ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਸਦਨ ਦੀ ਮੀਟਿੰਗ ਸ਼ੁਰੂ ਹੋਈ, ਤਾਂ ਖੜਗੇ ਨੇ ਕਿਹਾ ਕਿ ਉਨ੍ਹਾ ਕਿਸੇ ਧਰਮ ਜਾਂ ਸਮਾਜ ਦੇ ਵਰਗ ਦਾ ਨਾਂਅ ਨਹੀਂ ਲਿਆ, ਫਿਰ ਵੀ ਭਾਜਪਾ ਨਾਲ ਜੁੜੇ ਲੋਕਾਂ ਨੇ ਸਟੇਜ ਦਾ ਸ਼ੁੱਧੀਕਰਨ ਕੀਤਾ। ਉਨ੍ਹਾ ਕਿਹਾ ਕਿ ਉਨ੍ਹਾ ਹਲਦਵਾਨੀ ਦੇ ਰਾਮਲੀਲ੍ਹਾ ਮੈਦਾਨ ਵਿੱਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕੀਤਾ ਸੀ। ਉਨ੍ਹਾ ਕਿਹਾ, ‘ਮੈਂ ਸਿਰਫ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਸੀ। ਭਾਜਪਾ ਦੇ ਲੋਕਾਂ ਨੇ ਬਾਅਦ ਵਿੱਚ ਉੱਥੇ ਹਵਨ ਕੀਤਾ ਅਤੇ ਸਟੇਜ ਦਾ ਸ਼ੁੱਧੀਕਰਨ ਕੀਤਾ। ਕੀ ਲੋਕਤੰਤਰ ਇਸ ਤਰ੍ਹਾਂ ਕੰਮ ਕਰਦਾ ਹੈ? ਤੁਸੀਂ ਸੰਵਿਧਾਨ ਦੀ ਰੱਖਿਆ ਕਿਵੇਂ ਕਰ ਰਹੇ ਹੋ? ‘ ਉਨ੍ਹਾ ਇਹ ਵੀ ਕਿਹਾ ਕਿ ਉਹ ਇਸ ਮੁੱਦੇ ਦਾ ਰਾਜਨੀਤੀਕਰਨ ਕਰਨ ਦਾ ਇਰਾਦਾ ਨਹੀਂ ਰੱਖਦੇ, ਪਰ ਸਟੇਜ ਨੂੰ ਸ਼ੁੱਧ ਕਰਕੇ ਉਨ੍ਹਾ ਦਾ ਅਪਮਾਨ ਕੀਤਾ ਗਿਆ ਹੈ। ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਨੱਢਾ ਨੂੰ ਖੜਗੇ ਵੱਲੋਂ ਉਠਾਏ ਗਏ ਮਾਮਲੇ ਦਾ ਜਵਾਬ ਦੇਣ ਲਈ ਕਿਹਾ। ਨੱਢਾ ਨੇ ਕਿਹਾ, ‘ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਸਿਰਫ ਕਾਂਗਰਸ ਲਈ ਹੀ ਨਹੀਂ, ਸਗੋਂ ਸਾਰਿਆਂ ਲਈ। ਭਾਜਪਾ ਅਜਿਹੀਆਂ ਗਤੀਵਿਧੀਆਂ ਦੀ ਹਮਾਇਤ ਨਹੀਂ ਕਰਦੀ। ਅਸੀਂ ਇਸ ਦੀ ਜਾਂਚ ਕਰਾਂਗੇ ਅਤੇ ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ।’ ਚੇਅਰਮੈਨ ਰਾਧਾਕ੍ਰਿਸ਼ਨਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਸਰਕਾਰ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ।