ਬੁਢਲਾਡਾ (ਅਸ਼ੋਕ ਲਾਕੜਾ)-ਸੀ ਪੀ ਆਈ ਦੀ ‘ਬਦਲਾਅ ਜ਼ਰੂਰੀ ਹੈ’ ਦਿੱਲੀ ਰੈਲੀ ਸੰਬੰਧੀ ਪਦ ਯਾਤਰਾ ਤਹਿਤ ਬੁਢਲਾਡਾ ਸਬ-ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਲਖਮੀਰਵਾਲਾ, ਆਲਮਪੁਰ ਮੰਦਰਾਂ, ਟਾਹਲੀਆਂ, ਬੋੜਾਵਾਲ, ਬੱਛੋਆਣਾ, ਰੰਘੜਿਆਲ, ਬਖ਼ਸ਼ੀਵਾਲਾ ਤੇ ਕਾਹਨਗੜ੍ਹ ਵਿੱਚ ਨੁੱਕੜ ਜਲਸੇ ਸਬ-ਡਵੀਜ਼ਨ ਸਕੱਤਰ ਸੀਤਾਰਾਮ ਗੋਬਿੰਦਪੁਰਾ ਦੀ ਅਗਵਾਈ ਹੇਠ ਕੀਤੇ ਗਏ।
ਜਲਸਿਆ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਦੇਸ਼ ਅੱਜ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਸਮੇਂ ਦੇ ਹਾਕਮ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕਰਜ਼ ਮੁਆਫੀ ਦੇ ਹੱਲ ਕਰਨ ਦੀ ਬਜਾਏ ਉਲਟਾ ਸੰਵਿਧਾਨਕ ਸੰਸਥਾਵਾਂ ਬੇਲੋੜਾ ਦਖਲ ਦੇ ਕੇ ਦੇਸ਼ ਤੇ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਮਾਂ ਮੰਗ ਕਰਦਾ ਹੈ ਕਿ ਬਦਲਾਅ ਜ਼ਰੂਰੀ ਹੈ।ਉਸੇ ਦੇ ਤਹਿਤ ਕਿਸਾਨਾਂ, ਮਜ਼ਦੂਰਾਂ ਨੌਜਵਾਨਾਂ, ਵਿਦਿਆਰਥੀਆਂ, ਛੋਟੇ ਕਾਰੋਬਾਰੀਆਂ ਤੇ ਔਰਤਾਂ ਦੇ ਹੱਕਾਂ ਲਈ ਸੀ ਪੀ ਆਈ ਦੀ ਇੱਕ ਸਤੰਬਰ ਦਿੱਲੀ ਚੱਲੋ ‘ਬਦਲਾਅ ਜ਼ਰੂਰੀ ਹੈ’ ਵੱਡੇ ਕਾਫਲਿਆਂ ਨਾਲ ਪੁੱਜਣ ਦੀ ਅਪੀਲ ਕਰਦੇ ਹਾਂ, ਤਾਂ ਕਿ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਗਰੰਟੀ ਕਾਨੂੰਨ, ਪੁਰਾਣੇ ਮਨਰੇਗਾ ਕਾਨੂੰਨ ਦੀ ਬਹਾਲੀ, ਕਿਸਾਨ-ਮਜ਼ਦੂਰ, ਛੋਟੇ ਕਾਰੋਬਾਰੀਆਂ ਤੇ ਔਰਤਾਂ ਦੇ ਸਮੁੱਚੇ ਕਰਜ਼ ਮੁਆਫੀ ਆਦਿ ਮੰਗਾਂ ਨੂੰ ਲਾਗੂ ਕਰਵਾਇਆ ਜਾ ਸਕੇ।ਇਸ ਮੌਕੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ, ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਸੀਤਾਰਾਮ ਗੋਬਿੰਦਪੂਰਾ ਸਕੱਤਰ ਬੁਢਲਾਡਾ, ਮਲਕੀਤ ਸਿੰਘ ਮੰਦਰਾਂ, ਸਹਾਇਕ ਸਕੱਤਰ ਜਗਸੀਰ ਸਿੰਘ ਰਾਏਕੇ ਅਤੇ ਚਿਮਨ ਲਾਲ ਕਾਕਾ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵੱਲੋਂ ਇੱਕ ਹਜ਼ਾਰ ਤੋਂ ਵੱਧ ਸਾਥੀ ਦਿੱਲੀ ਰੈਲੀ ਵਿੱਚ ਸ਼ਾਮਲ ਹੋਣਗੇ।ਇਸ ਮੌਕੇ ਲੱਖਾ ਸਿੰਘ, ਰਾਮ ਸਿੰਘ, ਮਾਸਟਰ ਗੁਰਬਚਨ ਸਿੰਘ, ਹਰਮੀਤ ਸਿੰਘ ਬੋੜਾਵਾਲ, ਗੋਰਾ ਟਾਹਲੀਆਂ, ਗਰੀਬੂ ਸਿੰਘ, ਕਿੱਕਰ ਸਿੰਘ, ਮੱਖਣ ਰੰਘੜਿਆਲ, ਗੁਰਦੀਪ ਸਿੰਘ, ਮਲਕੀਤ ਸਿੰਘ ਬਖ਼ਸ਼ੀਵਾਲਾ, ਸੁਲੱਖਣ ਸਿੰਘ ਕਾਹਨਗੜ੍ਹ ਆਦਿ ਆਗੂਆਂ ਨੇ ਵੱਡੀ ਗਿਣਤੀ ਵਿਚ ਦਿੱਲੀ ਰੈਲੀ ਵਿਚ ਸ਼ਾਮਲ ਹੋਣ ਦਾ ਵਿਸ਼ਵਾਸ ਦਿਵਾਇਆ।





