ਸੁਖਬੀਰ ਬਾਦਲ ‘ਤੇ ਗੁਰੂਘਰ ‘ਚ ਦੂਜਾ ਹਮਲਾ

0
3

ਬਾਂਹ ਜ਼ਖ਼ਮੀ, ਹਮਲਾਵਰ ਨਿਹੰਗ-ਵਕੀਲ ਮੌਕੇ ‘ਤੇ ਕਾਬੂ, ਇਰਾਦਾ ਦਿਲ ‘ਤੇ ਵਾਰ ਕਰਨ ਦਾ ਸੀ : ਮਜੀਠੀਆ
ਨਾਂਦੇੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਵੀਰਵਾਰ ਬਾਅਦ ਦੁਪਹਿਰ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਇਲਾਕੇ ਵਿੱਚ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਦਰਸ਼ਨ ਕਰਨ ਦੌਰਾਨ ਜਾਨਲੇਵਾ ਹਮਲਾ ਕੀਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ 64 ਸਾਲਾ ਸੁਖਬੀਰ ਸਿੰਘ ਬਾਦਲ ਆਪਣੇ ਪਰਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਇਸ ਦੌਰਾਨ ਨਿਹੰਗ ਬਾਣੇ ਵਿੱਚ ਆਏ ਇੱਕ ਵਿਅਕਤੀ ਨੇ ਕ੍ਰਿਪਾਨ ਨਾਲ ਸੁਖਬੀਰ ਬਾਦਲ ‘ਤੇ ਅਚਾਨਕ ਹਮਲਾ ਕਰ ਦਿੱਤਾ। ਸੁਖਬੀਰ ਨੂੰ ਬਚਾਉਂਦਿਆਂ ਪੁਲਸ ਅਫਸਰ ਸੰਤੋਸ਼ ਕੇਂਦਰੇ ਜ਼ਖਮੀ ਹੋ ਗਿਆ, ਜਦੋਂ ਕਿ ਸੁਖਬੀਰ ਬਾਦਲ ਦੀ ਬਾਂਹ ‘ਤੇ ਜ਼ਖ਼ਮ ਹੋਇਆ। ਉਨ੍ਹਾ ਨੂੰ ਨਾਂਦੇੜ ਦੇ ਨਿੱਜੀ ਹਸਪਤਾਲ (ਯਸ਼ੋ ਸਾਈ ਹਸਪਤਾਲ) ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾ ਦੀ ਹਾਲਤ ਸਥਿਰ ਦੱਸੀ ਗਈ।
ਹਮਲਾਵਰ ਨੂੰ ਮੌਕੇ ‘ਤੇ ਹੀ ਸੁਰੱਖਿਆ ਕਰਮਚਾਰੀਆਂ ਅਤੇ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ। ਹਮਲਾਵਰ ਜਸਪਾਲ ਸਿੰਘ ਕਾਨੂੰਨ ਦਾ ਗ੍ਰੈਜੂਏਟ ਅਤੇ ਪੇਸ਼ੇ ਵਜੋਂ ਵਕੀਲ ਹੈ। ਉਹ ਪਿਛਲੇ ਡੇਢ ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਿਹਾ ਸੀ ਅਤੇ ਉਸ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਘੜਮੱਸ ‘ਚ ਜਸਪਾਲ ਸਿੰਘ ਦੀ ਦਸਤਾਰ ਲਹਿ ਗਈ। ਘਟਨਾ ਤੋਂ ਬਾਅਦ ਕੁਝ ਸਾਥੀਆਂ ਵੱਲੋਂ ਉਸ ਦੇ ਸਿਰ ‘ਤੇ ਦਸਤਾਰ ਸਜਾ ਕੇ ਸਨਮਾਨ ਕੀਤਾ ਗਿਆ। ਇਸ ਗੁਰਦੁਆਰੇ ਦੀ ਸੇਵਾ ਸੰਭਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਕਰਦਾ ਹੈ। ਇਸ ਦੇ ਮੁਖੀ ਬਾਬਾ ਮਾਨ ਸਿੰਘ ਹਨ।
ਸੀਨੀਅਰ ਅਕਾਲੀ ਆਗੂ ਤੇ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੰਟੈਲੀਜੈਂਸ ਦੀ ਨਾਕਾਮੀ ਕਾਰਨ ਹਮਲਾ ਹੋਇਆ। ਕੇਂਦਰ ਮਾਮਲੇ ਦੀ ਸੀ ਬੀ ਆਈ ਜਾਂਚ ਦਾ ਹੁਕਮ ਦੇਵੇ। ਹਮਲਾਵਰ ਦਾ ਇਰਾਦਾ ਸੁਖਬੀਰ ਦੇ ਦਿਲ ‘ਤੇ ਵਾਰ ਕਰਨ ਦਾ ਸੀ, ਪਰ ਉਹ ਖੁੰਝ ਗਿਆ। ਉਨ੍ਹਾ ਕਿਹਾ ਕਿ ਸੁਖਬੀਰ ਦਾ ਪਰਵਾਰ 12 ਤੋਂ 14 ਅਗਸਤ ਲਈ ਮਹਾਰਾਸ਼ਟਰ ਗਿਆ ਸੀ। ਉਨ੍ਹਾ ਵੀ ਜਾਣਾ ਸੀ, ਪਰ ਹੋਰ ਰੁਝੇਵਿਆਂ ਕਰਕੇ ਨਹੀਂ ਜਾ ਸਕੇ।
ਨਾਂਦੇੜ ਦੇ ਡੀ ਸੀ ਡਾ. ਰਾਹੁਲ ਕਰਦਲੇ ਨੇ ਦੱਸਿਆ ਕਿ ਸੁਖਬੀਰ ਦੀ ਬਾਂਹ ‘ਤੇ ਚਾਰ-ਪੰਜ ਸੈਂਟੀਮੀਟਰ ਦਾ ਜ਼ਖਮ ਹੋਇਆ ਹੈ। ਉਨ੍ਹਾ ਇਹ ਵੀ ਕਿਹਾ ਕਿ ਸੁਖਬੀਰ ਨਿੱਜੀ ਦੌਰੇ ‘ਤੇ ਆਏ ਸਨ। ਡੀ ਸੀ ਦਫਤਰ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ, ਪਰ ਕਿਉਂਕਿ ਉਨ੍ਹਾ ਕੋਲ ਜ਼ੈੱਡ ਸੁਰੱਖਿਆ ਹੈ, ਇਸ ਲਈ ਉਨ੍ਹਾ ਨੂੰ ਪੂਰੀ ਸੁਰੱਖਿਆ ਹਾਸਲ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਖ਼ੁਦ ਸੁਖਬੀਰ ਸਿੰਘ ਬਾਦਲ ਨਾਲ ਫ਼ੋਨ ‘ਤੇ ਗੱਲ ਕਰਕੇ ਹਾਲ ਪੁੱਛਿਆ ਅਤੇ ਨਾਂਦੇੜ ਦੇ ਪੁਲਸ ਕਪਤਾਨ ਨੂੰ ਹਮਲੇ ਦੀ ਅਸਲ ਸਾਜ਼ਿਸ਼ ਨੂੰ ਬੇਨਕਾਬ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।
ਬੀਤੇ ਸਾਲ 4 ਦਸੰਬਰ ਨੂੰ ਵੀ ਸ੍ਰੀ ਅਕਾਲ ਤਖਤ ਵੱਲੋਂ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਡਿਊਟੀ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ‘ਤੇ ਨਰਾਇਣ ਸਿੰਘ ਚੌੜਾ ਨਾਂਅ ਦੇ ਵਿਅਕਤੀ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਨਾਂਦੇੜ ਸਾਹਿਬ ਵਿਖੇ ਦੁਬਾਰਾ ਅਜਿਹੀ ਘਟਨਾ ਵਾਪਰਨ ਕਾਰਨ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਕਈ ਵੱਡੇ ਆਗੂਆਂ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਇਸ ਪਿੱਛੇ ਕੰਮ ਕਰਦੀਆਂ ਤਾਕਤਾਂ ਨੂੰ ਨਕਾਬਪੋਸ਼ ਕਰਨ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਕੋਸ਼ਿਸ਼ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਹਮਲੇ ਦੀ ਕੋਸ਼ਿਸ਼ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।ਕਿਸੇ ਧਾਰਮਿਕ ਸੰਸਥਾ ਵਿੱਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਅਤੇ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਤੇ ਮਰਿਆਦਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬਲਤੇਜ ਪੰਨੂ ਨੇ ਕਿਹਾ, ”ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਸੰਗਤ ਵਿੱਚ ਅਜੇ ਵੀ ਮੌਜੂਦ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ।”