11 ਨੂੰ ਬੈਂਕ ਹੜਤਾਲ

0
10

ਨਵੀਂ ਦਿੱਲੀ : ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ ਐੱਫ ਬੀ ਯੂ) ਨੇ ਹਫਤੇ ਵਿੱਚ 5 ਦਿਨ ਬੈਂਕ ਖੋਲ੍ਹਣ ਦੀ ਮੰਗ ਨੂੰ ਲਾਗੂ ਕਰਨ ਵਿੱਚ ਹੋ ਰਹੀ ਦੇਰੀ, ਕੰਮ ਦੇ ਆਧਾਰ ਉੱਤੇ ਇਨਸੈਂਟਿਵ (ਬੋਨਸ) ਦੇਣ ਦੀ ਯੋਜਨਾ ਨੂੰ ਲੈ ਕੇ ਮੱਤਭੇਦਾਂ ਅਤੇ ਪੈਨਸ਼ਨ ਨਾਲ ਜੁੜੀਆਂ ਸਮੱਸਿਆਵਾਂ ਸਮੇਤ ਕਈ ਮੰਗਾਂ ਨੂੰ ਲੈ ਕੇ 11 ਸਤੰਬਰ ਨੂੰ ਦੇਸ਼ਵਿਆਪੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਯੂ ਐੱਫ ਬੀ ਯੂ, ਜੋ ਕਿ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਨੌਂ ਯੂਨੀਅਨਾਂ ਦਾ ਇੱਕ ਸੰਗਠਨ ਹੈ, ਨੇ 28 ਸਤੰਬਰ ਤੋਂ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਅਤੇ ਮੰਗਾਂ ਵੱਲ ਧਿਆਨ ਨਾ ਦੇਣ ਦੀ ਸੂਰਤ ਵਿੱਚ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਵੀ ਕੀਤਾ ਹੈ।
ਧੁਨੰਤਰਾਂ ਦੇ ਪਿੰਡਾਂ ‘ਚ ਲੋਕ ਮਿਲਣੀਆਂ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਹੁਣ ਲੋਕ ਮਿਲਣੀ ਦੇ ਪ੍ਰੋਗਰਾਮ ਸਿਆਸੀ ਧੁਨੰਤਰਾਂ ਦੇ ਪਿੰਡਾਂ ‘ਚ ਕਰਨ ਜਾ ਰਹੇ ਹਨ। ਉਹ 26 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ‘ਚ ਲੋਕ ਮਿਲਣੀ ਦਾ ਪ੍ਰੋਗਰਾਮ ਕਰਨਗੇ। ਉਸ ਤੋਂ ਬਾਅਦ 27 ਅਗਸਤ ਨੂੰ ਕਰਤਾਰਪੁਰ ਅਤੇ 28 ਅਗਸਤ ਨੂੰ ਮੁਹਾਲੀ ਜਾਂ ਖਰੜ ‘ਚ ਲੋਕ ਮਿਲਣੀ ਕਰਨਗੇ। ਬਾਦਲ ਪਰਵਾਰ ਦੇ ਪੁਰਖਿਆਂ ਦੇ ਪਿੰਡ ਘੁੱਦਾ, ਜੋ ਕਿ ਹਲਕਾ ਬਠਿੰਡਾ ਦਿਹਾਤੀ ‘ਚ ਪੈਂਦਾ ਹੈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ, ਜੋ ਹਲਕਾ ਰਾਮਪੁਰਾ ਫੂਲ ‘ਚ ਪੈਂਦਾ ਹੈ, ‘ਚ ਵੀ ਮੁੱਖ ਮੰਤਰੀ ਲੋਕ ਮਿਲਣੀ ਪ੍ਰੋਗਰਾਮ ਕਰਨ ਦੀ ਵਿਉਂਤ ਘੜ ਰਹੇ ਹਨ।
ਜੈਸ਼ੰਕਰ ਦੀ ਪੁਤਿਨ ਨਾਲ ਮੁਲਾਕਾਤ
ਮਾਸਕੋ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਕੇ ਦੁਵੱਲੇ ਅਤੇ ਆਲਮੀ ਮਾਮਲਿਆਂ ‘ਤੇ ਚਰਚਾ ਕੀਤੀ। ਇਹ ਮੁਲਾਕਾਤ ਪੁਤਿਨ ਦੇ 12-13 ਸਤੰਬਰ ਨੂੰ ਬ੍ਰਿਕਸ ਨੇਤਾਵਾਂ ਦੇ ਸੰਮੇਲਨ ਲਈ ਨਵੀਂ ਦਿੱਲੀ ਦੇ ਸੰਭਾਵਤ ਦੌਰੇ ਤੋਂ ਪਹਿਲਾਂ ਹੋਈ ਹੈ।