ਵਾਅਦਾ-ਖਿਲਾਫੀ ਤੋਂ ਨਰਾਜ਼ ‘ਕਾਕਰੋਚਾਂ’ ਵੱਲੋਂ 5 ਨੂੰ ਦਿੱਲੀ ‘ਚ ਪੁਰਅਮਨ ਮਾਰਚ

0
9

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਕਰੋਚ ਜਨਤਾ ਪਾਰਟੀ 5 ਸਤੰਬਰ ਨੂੰ ਦਿੱਲੀ ਵਿੱਚ ਸ਼ਾਂਤਮਈ ਵਿਰੋਧ ਮਾਰਚ ਕਰੇਗੀ। ਪਾਰਟੀ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ 25 ਜੁਲਾਈ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਦੇ ਆਧਾਰ ‘ਤੇ ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਹ ਮਾਰਚ ਇੰਡੀਆ ਗੇਟ ਤੋਂ ਸ਼ੁਰੂ ਹੋਵੇਗਾ ਅਤੇ ਨਵੀਂ ਦਿੱਲੀ ਪੁਲਸ ਹੈੱਡਕੁਆਰਟਰ ਤੱਕ ਜਾਰੀ ਰਹੇਗਾ। ਇਸ ਦੀ ਅਗਵਾਈ ਨੀਟ ਪੇਪਰ ਲੀਕ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਵਾਰ ਤੇ ਸੰਸਦ ਵੱਲ ਮਾਰਚ ਦੌਰਾਨ ਪੁਲਸ ਤਸ਼ੱਦਦ ਨਾਲ ਜ਼ਖਮੀ ਹੋਣ ਵਾਲੇ ਕਰਨਗੇ।
ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੇ ਆਪਣੀ ਰਾਸ਼ਟਰੀ ਐਗਜ਼ੈਕਟਿਵ ਦੀ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ‘ਤੇ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਸੀ ਜੇ ਪੀ ਦੇ ਨੇਤਾ ਆਸ਼ੂਤੋਸ਼ ਰੰਕਾ ਅਤੇ ਸੌਰਵ ਦਾਸ ਨੇ 25 ਜੁਲਾਈ ਨੂੰ ਕੇਂਦਰੀ ਮੰਤਰੀ ਜੇ ਪੀ ਨੱਢਾ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿੱਚ ਤਿੰਨ ਮੰਗਾਂ ‘ਤੇ ਸਹਿਮਤੀ ਬਣੀ ਸੀ। ਸੀ ਜੇ ਪੀ ਨੇ ਕੇਂਦਰ ਸਰਕਾਰ ਨੇ ਐੱਫ ਆਈ ਆਰਜ਼ ਦੀ ਸੂਚੀ ਪ੍ਰਦਾਨ ਕਰਨ ਦਾ ਵਚਨ ਪੂਰਾ ਨਹੀਂ ਕੀਤਾ। ਪਾਰਟੀ ਇਸ ਨੂੰ ਅੰਦੋਲਨ ਖਤਮ ਕਰਨ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਤੋਂ ਪਿੱਛੇ ਹਟਣ ਦੇ ਸੰਕੇਤ ਵਜੋਂ ਦੇਖਦੀ ਹੈ।
ਸੀ ਜੇ ਪੀ ਆਗੂਆਂ ਸੌਰਵ ਦਾਸ ਅਤੇ ਰਤਨਾ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅੰਦੋਲਨ ਖਤਮ ਹੋਣ ਤੋਂ ਬਾਅਦ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ, ਸਾਰੀਆਂ ਐੱਫ ਆਈ ਆਰਜ਼ ਵਾਪਸ ਲੈਣੀਆਂ ਚਾਹੀਦੀਆਂ ਹਨ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਬੰਦ ਕਰਨੀ ਚਾਹੀਦੀ ਹੈ।
ਇਸੇ ਦੌਰਾਨ ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਨੋਇਡਾ ਵਿੱਚ ਪ੍ਰਦਰਸ਼ਨਕਾਰੀ ਮਜ਼ਦੂਰਾਂ ‘ਤੇ ਕੀਤੀ ਗਈ ਕਾਰਵਾਈ ਬਾਰੇ ਇੱਕ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਆਪਣੇ ਅਧਿਕਾਰਾਂ ਲਈ ਲੜਨ ਵਾਲੇ ਲੋਕਾਂ ਵਿਰੁੱਧ ਕਾਨੂੰਨ ਦੀ ਦੁਰਵਰਤੋਂ ਬੰਦ ਕਰਨੀ ਚਾਹੀਦੀ ਹੈ।
ਅਖਬਾਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਅਪ੍ਰੈਲ ਵਿੱਚ ਹਫਤੇ ਭਰ ਚੱਲੇ ਅੰਦੋਲਨ ਦੌਰਾਨ ਪੁਲਸ ਵੱਲੋਂ ਨੋਇਡਾ ਦੀ ਨਿੱਜੀ ਫਰਮ ਦੇ ਹਿਰਾਸਤ ਵਿੱਚ ਲਏ ਗਏ ਲੱਗਭੱਗ 200 ਵਰਕਰਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਦੇਣ ਅਤੇ ਪੁਲਸ ਤੋਂ ਪੁੱਛਗਿੱਛ ਕਰਨ ਤੋਂ ਪਹਿਲਾਂ ਔਸਤਨ 53 ਦਿਨ ਜੇਲ੍ਹ ਵਿੱਚ ਬਿਤਾਉਣੇ ਪਏ।
ਦੀਪਕੇ ਨੇ ਕਿਹਾ ਹੈ ਕਿ ਜੋ ਨੋਇਡਾ ਦੇ ਮਜ਼ਦੂਰਾਂ ਨਾਲ ਕੀਤਾ ਗਿਆ, ਉਹੀ ਹੁਣ ਵਿਦਿਆਰਥੀਆਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੀਪਕੇ ਨੇ ਜੰਤਰ-ਮੰਤਰ ਦੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਹਾਲਤ ‘ਤੇ ਵੀ ਚਿੰਤਾ ਜ਼ਾਹਰ ਕੀਤੀ ਹੈ, ਜਿਨ੍ਹਾਂ ਨੂੰ ਦਿੱਲੀ ਪੁਲਸ ਦੀਆਂ ਪੈਲੇਟ ਗੰਨਾਂ ਦੀਆਂ ਗੋਲੀਆਂ ਲੱਗੀਆਂ। ਪੀੜਤਾਂ ਵਿੱਚੋਂ ਇੱਕ ਵਿਕਾਸ ਦੇ ਸਰੀਰ ਵਿੱਚ ਅਜੇ ਵੀ 25-30 ਗੋਲੀਆਂ ਫਸੀਆਂ ਹੋਈਆਂ ਹਨ, ਜਿਸ ਨਾਲ ਇਨਫੈਕਸ਼ਨ ਦਾ ਖਤਰਾ ਹੈ ਅਤੇ ਸਫਦਰਜੰਗ ਹਸਪਤਾਲ ਨੇ ਉਸ ਨੂੰ ਜ਼ਖਮ ਆਪਣੇ ਆਪ ਠੀਕ ਹੋਣ ਦੀ ਗੱਲ ਕਹੀ ਹੈ। ਉਸ ਨੇ ਕਿਹਾ ਕਿ ਇਹ ਰਾਜ ਦੀ ਉਦਾਸੀਨਤਾ ਹੈ। ਪ੍ਰਦਰਸ਼ਨਕਾਰੀਆਂ ਵਿਰੁੱਧ ਪੈਲੇਟ ਗੰਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਗਈ, ਜਿਵੇਂ ਉਹ ਅਪਰਾਧੀ ਹੋਣ ਅਤੇ ਜ਼ਖਮੀਆਂ ਨੂੰ ਬਾਅਦ ਵਿੱਚ ਢੁਕਵੀਂ ਸਰਕਾਰੀ ਸਹਾਇਤਾ ਤੋਂ ਬਿਨਾਂ ਆਪਣੇ ਜ਼ਖਮਾਂ ਦਾ ਇਲਾਜ ਕਰਨ ਲਈ ਛੱਡ ਦਿੱਤਾ ਗਿਆ। ਦੀਪਕੇ ਨੇ ਜ਼ਖਮੀਆਂ ਦੀ ਮਦਦ ਕਰਨ ਲਈ ਤਿਆਰ ਡਾਕਟਰਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ।