ਵੈਨਕੂਵਰ : ਭਾਰਤ ਤੋਂ ਪੜ੍ਹਾਈ ਕਰਨ ਕੈਨੇਡਾ ਆਏ ਕਿਸੇ ਪਹਿਲੇ ਦਰਜੇ ਦੇ ਅਫ਼ਸਰ ਦੇ ਕਾਕੇ ਨੂੰ ਸੜਕ ‘ਤੇ ਕਾਰ ਦੇ ਪਟਾਕੇ ਪਵਾਉਣੇ ਹਜ਼ਾਰਾਂ ਡਾਲਰਾਂ ਵਿੱਚ ਪਏ ਅਤੇ ਨਾਲ ਹੀ ਉਸ ਦੀ ਕਾਰ ਅਗਲੇ ਦੋ ਸਾਲਾਂ ਲਈ ਪੁਲਸ ਦੀ ਖ਼ਾਸ ਨਿਗਰਾਨੀ ਹੇਠ ਆ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਓਨਟਾਰੀਓ ਸੂਬਾਈ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਤੋਂ ਉੱਚ ਪੜ੍ਹਾਈ ਲਈ ਕੈਨੇਡਾ ਆਏ ਮੁੰਡੇ ਨੇ ਕਾਰ ਲੈ ਕੇ ਉਸ ਦਾ ਸਾਈਲੈਂਸਰ ਅਜਿਹਾ ਬਣਾਇਆ ਸੀ ਤਾਂ ਜੋ ਰੇਸ ਦੇਣ ਮੌਕੇ ਕਾਰ ਪਟਾਕੇ ਮਾਰੇ। ਲੰਘੇ ਦਿਨੀਂ ਉਹ ਮੌਜ-ਮਸਤੀ ਲਈ ਬੈਰੀ ਸ਼ਹਿਰ ਤੋਂ ਅੱਗੇ ਸੜਕ ਕਿਨਾਰੇ ਕਾਰ ਖੜ੍ਹੀ ਕਰਕੇ ਰੇਸ ਦਿੰਦਾ ਅਤੇ ਪਟਾਕਿਆਂ ਦਾ ਮਜ਼ਾ ਲੈਂਦਾ। ਹਰ ਦੋ-ਚਾਰ ਮੀਲਾਂ ਬਾਅਦ ਉਹ ਅਜਿਹਾ ਕਰ ਰਿਹਾ ਸੀ। ਇਕ ਪੰਜਾਬੀ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਮੁੰਡੇ ਨੇ ਜਵਾਬ ਦਿੱਤਾ, ‘ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ, ਆਪਣੀ ਖ਼ੁਸ਼ੀ ਵੇਖਦਾ ਹਾਂ।’ ਸਮਝਾਉਣ ਵਾਲਾ ਵਿਅਕਤੀ ਕਿਸੇ ਵਿਭਾਗ ਦਾ ਅਫ਼ਸਰ ਸੀ, ਉਸ ਨੇ ਪੁਲਸ ਨੂੰ ਫ਼ੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਕੁਝ ਮਿੰਟਾਂ ਬਾਅਦ ਗੁਪਤ (ਬਿਨਾਂ ਪਛਾਣ ਵਾਲੀ) ਕਾਰ ਵਿੱਚ ਪੁਲਸ ਅਫ਼ਸਰ ਪਹੁੰਚ ਗਿਆ ਅਤੇ ਸਬੂਤ ਇਕੱਠੇ ਕਰਕੇ ਮੁੰਡੇ ਨੂੰ 500-500 ਡਾਲਰਾਂ ਦੀਆਂ ਚਾਰ ਟਿਕਟਾਂ ਦਿੱਤੀਆਂ, ਕਾਰ ਦੋ ਹਫ਼ਤਿਆਂ ਦੀ ਬੰਦਿਸ਼ ਹੇਠ ਟੋਅ ਕਰਵਾਈ, ਡਰਾਈਵਿੰਗ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਅਤੇ ਕਾਰ ਦਾ ਸਾਈਲੈਂਸਰ ਨਵਾਂ ਪਵਾ ਕੇ ਸਬੂਤ ਪੁਲਸ ਨੂੰ ਦੇਣ ਤੇ ਕਾਰ ਦੋ ਸਾਲਾਂ ਲਈ ਨਿਗਰਾਨੀ ਹੇਠ ਰੱਖਣ ਦੀ ਕਾਰਵਾਈ ਕੀਤੀ।



