ਜਿਨਪਿੰਗ ਡਿਨਰ ‘ਤੇ ਨਹੀਂ ਪਹੁੰਚੇ

0
7

ਨਵੀਂ ਦਿੱਲੀ : ਬ੍ਰਿਕਸ ਸੰਮੇਲਨ ਦੇ ਗਾਲਾ ਡਿਨਰ ਵਿੱਚ ਸ਼ਨੀਵਾਰ ਪਰੋਸਿਆ ਗਿਆ ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖਾਣਾ ਨਹੀਂ ਖਾਧਾ ਤੇ ਅਤੇ ਵਿਰੋਧੀ ਨੇਤਾਵਾਂ ਨੇ ਮੀਨੂ ‘ਤੇ ਟਿੱਪਣੀ ਕੀਤੀ ਹੈ। ਜਿਨਪਿੰਗ ਦੀ ਗੈਰਹਾਜ਼ਰੀ ਦਾ ਸਹੀ-ਸਹੀ ਕਾਰਨ ਪਤਾ ਨਹੀਂ ਲੱਗ ਸਕਿਆ, ਪਰ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਉਹ ਆਰਾਮ ਕਰਨ ਲਈ ਆਪਣੇ ਹੋਟਲ ਵਾਪਸ ਚਲੇ ਗਏ। ਰਾਹੁਲ ਗਾਂਧੀ ਨੇ ਇੱਕ ਪੋਸਟ ਵਿੱਚ ਲਿਖਿਆ : ‘ਰਿਕਾਰਡ ਲਈ : 80 ਪ੍ਰਤੀਸ਼ਤ ਭਾਰਤੀ ਮਾਸਾਹਾਰੀ ਹਨ। ਭਾਰਤੀ ਮਾਸਾਹਾਰੀ ਭੋਜਨ ਸੁਆਦੀ ਹੁੰਦਾ ਹੈ, ਜਿਵੇਂ ਕਿ ਮੇਰੀ ਭੈਣ ਦੇ ਛੋਲੇ ਭਟੂਰੇ।’ ਕਾਂਗਰਸ ਨੇਤਾ ਡਾ. ਸ਼ਮਾ ਮੁਹੰਮਦ ਨੇ ਫੇਸਬੁਕ ‘ਤੇ ਲਿਖਿਆ, ‘ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਸ਼ੀ ਜਿਨਪਿੰਗ ਰਾਤ ਦੇ ਖਾਣੇ ਲਈ ਆਪਣੇ ਹੋਟਲ ਵਾਪਸ ਚਲੇ ਗਏ। ਮੈਂ ਵੀ ਇਹੀ ਕਰਦੀ!’ ਕਾਂਗਰਸ ਨੇਤਾ ਪਵਨ ਖੇੜਾ ਨੇ ਆਉਣ ਵਾਲੇ ਪਤਵੰਤਿਆਂ ਲਈ ਪੂਰੀ ਤਰ੍ਹਾਂ ਸ਼ਾਕਾਹਾਰੀ ਮੀਨੂ ਦੀ ਚੋਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਭਾਜਪਾ ਦੀ ਖੁਰਾਕ ਸੰਬੰਧੀ ਆਪਣੀਆਂ ਪਸੰਦਾਂ ਨੂੰ ਸਾਥੀ ਭਾਰਤੀਆਂ ‘ਤੇ ਮੜ੍ਹਨ ਦੀ ਆਦਤ ਪਹਿਲਾਂ ਹੀ ਬਹੁਤ ਸਮੱਸਿਆ ਵਾਲੀ ਹੈ। ਹੁਣ, ਉਨ੍ਹਾਂ ਦੁਨੀਆ-ਭਰ ਦੇ ਪਤਵੰਤਿਆਂ ‘ਤੇ ਆਪਣੀਆਂ ਪਸੰਦਾਂ ਨੂੰ ਮੜ੍ਹ ਕੇ ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾ ਦਿੱਤਾ ਹੈ। ਭਾਰਤ ਇੱਕ ‘ਭਾਂਤ-ਭਾਂਤ ਦੇ ਪਕਵਾਨਾਂ ਵਾਲਾ ਦੇਸ਼’ ਹੈ, ਜਿੱਥੇ ਦੁਨੀਆ ਭਰ ਦੇ ਲੋਕ ਮਾਸਾਹਾਰੀ ਪਕਵਾਨਾਂ ਦਾ ਆਨੰਦ ਮਾਣਦੇ ਹਨ, ਮੋਦੀ ਸਰਕਾਰ ਨੇ ਭਾਰਤ ਦੇ ਸੱਭਿਆਚਾਰ ਦੇ ਉਸ ਹਿੱਸੇ ਨੂੰ ਪ੍ਰਦਰਸ਼ਤ ਨਾ ਕਰਨ ਦੀ ਚੋਣ ਕਿਉਂ ਕੀਤੀ?
ਮੋਦੀ ਮਨੁੱਖੀ ਹੱਕਾਂ ਬਾਰੇ ਖੁੱਲ੍ਹ ਕੇ ਨਹੀਂ ਬੋਲੇ : ਮਹਿਬੂਬਾ
ਸ੍ਰੀਨਗਰ (ਨ ਜ਼ ਸ)-ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਐਤਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਵਿੱਚ ਵਿਸ਼ਵ ਮਨੁੱਖੀ ਹੱਕਾਂ ਦੇ ਅਲੰਬਰਦਾਰ ਵਜੋਂ ਭਾਰਤ ਦੀ ਇਤਿਹਾਸਕ ਭੂਮਿਕਾ ਨੂੰ ਦੁਹਰਾਉਣ ਦਾ ਮੌਕਾ ਗੁਆ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ, ‘ਜਿਸ ਤਰੀਕੇ ਨਾਲ ਸਾਡੇ ਪ੍ਰਧਾਨ ਮੰਤਰੀ ਨੂੰ ਬ੍ਰਿਕਸ ਦੇ ਚੇਅਰਮੈਨ ਅਤੇ ਇੱਕ ਮੇਜ਼ਬਾਨ ਦੇ ਤੌਰ ‘ਤੇ ਬੋਲਣਾ ਚਾਹੀਦਾ ਸੀ, ਜਿਸ ਸ਼ਿੱਦਤ ਨਾਲ ਬੋਲਣਾ ਚਾਹੀਦਾ ਸੀ, ਮੈਨੂੰ ਲੱਗਦਾ ਹੈ ਕਿ ਉਹ ਟਾਲ-ਮਟੋਲ ਕਰ ਗਏ। ਉਨ੍ਹਾ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣੇ।’
ਉਨ੍ਹਾ ਕਿਹਾ ਕਿ ਭਾਰਤ ਨੂੰ ਦੁਨੀਆ-ਭਰ ਵਿੱਚ ਮਨੁੱਖੀ ਹੱਕਾਂ, ਮਨੁੱਖਤਾ ਅਤੇ ਲੋਕਤੰਤਰ ਦੀ ਹਮਾਇਤ ਕਰਨ ਲਈ ਮਾਨਤਾ ਪ੍ਰਾਪਤ ਹੈ। ਭਾਰਤ ਨੇ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਆਪਣੀ ਸੁਤੰਤਰ ਵਿਦੇਸ਼ ਨੀਤੀ ਅਤੇ ਗੁੱਟ ਨਿਰਲੇਪਤਾ ‘ਤੇ ਹਮੇਸ਼ਾ ਮਾਣ ਕੀਤਾ ਹੈ। ਮੁਫਤੀ ਨੇ ਮੋਦੀ ਵੱਲੋਂ ਗਾਜ਼ਾ ਬਾਰੇ ਨਾ ਬੋਲਣ ਦੀ ਆਲੋਚਨਾ ਕੀਤੀ, ਜਿੱਥੇ 20,000-22,000 ਬੱਚੇ ਮਾਰੇ ਗਏ ਹਨ। ਇਸ ਤੋਂ ਇਲਾਵਾ ਇੱਕ ਈਰਾਨੀ ਸਕੂਲ ਵਿੱਚ ਬੰਬਾਰੀ ਕਰਕੇ ਅਮਰੀਕਾ ਨੇ ਲਗਪਗ 150 ਸਕੂਲੀ ਵਿਦਿਆਰਥਣਾਂ ਦੀ ਹੱਤਿਆ ਕੀਤੀ।