ਪਠਾਨਕੋਟ : ਮਣੀਮਹੇਸ਼ ਯਾਤਰਾ ‘ਤੇ ਸ਼ਰਧਾ ਨਾਲ ਜਾ ਰਹੇ ਪਠਾਨਕੋਟ ਦੇ ਦੋ ਨੌਜਵਾਨਾਂ ਦੀ ਚੰਬਾ ਜ਼ਿਲ੍ਹੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਭਿਆਨਕ ਹਾਦਸਾ ਪਠਾਨਕੋਟ-ਭਰਮੌਰ ਰਾਸ਼ਟਰੀ ਮਾਰਗ ‘ਤੇ ਦੁਨਾਲੀ ਅਤੇ ਗੈਹਰਾ ਵਿਚਕਾਰ ਹਨੂੰਮਾਨ ਮੰਦਰ ਦੇ ਕੋਲ ਵਾਪਰਿਆ। ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮਣਿਮਹੇਸ਼ ਯਾਤਰਾ ਲਈ ਭਰਮੌਰ ਵੱਲ ਜਾ ਰਹੇ ਸਨ। ਰਾਤ 8 ਵਜੇ ਦੇ ਬਾਅਦ ਜਦੋਂ ਉਹ ਬੈਲੋਗੀ ਨੇੜੇ ਇਕ ਤਿੱਖੇ ਮੋੜ ‘ਤੇ ਪਹੁੰਚੇ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਦੋਵੇਂ ਨੌਜਵਾਨ ਸੜਕ ਤੋਂ ਹੇਠਾਂ ਕਰੀਬ 200 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੇ, ਜਦ ਕਿ ਮੋਟਰਸਾਈਕਲ ਉੱਪਰ ਹੀ ਫਸੀ ਰਹੀ। ਖੱਡ ਡੂੰਘੀ ਹੋਣ ਕਾਰਨ ਬਚਾਅ ਟੀਮਾਂ ਨੂੰ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਦੋਵਾਂ ਦੀਆਂ ਲਾਸ਼ਾਂ ਨੂੰ ਲੋੜੀਂਦੀ ਕਾਨੂੰਨੀ ਕਾਰਵਾਈ ਅਤੇ ਪੋਸਟਮਾਰਟਮ ਲਈ ਮੈਡੀਕਲ ਕਾਲਜ ਚੰਬਾ ਭੇਜਿਆ ਗਿਆ। ਮ੍ਰਿਤਕਾਂ ਦੀ ਪਛਾਣ ਜੋਤੀ ਵਾਸੀ ਪਠਾਨਕੋਟ ਅਤੇ ਅਨਿਲ ਕੁਮਾਰ ਪੁੱਤਰ ਹਰਬੰਸ ਵਾਸੀ ਪੰਗੋਲੀ, ਪਠਾਨਕੋਟ ਵਜੋਂ ਹੋਈ ਹੈ। ਮੁੱਢਲੀ ਜਾਂਚ ‘ਚ ਮੋਟਰਸਾਈਕਲ ਦੇ ਬੇਕਾਬੂ ਹੋ ਕੇ ਖੱਡ ‘ਚ ਡਿੱਗਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਪੁਲਸ ਜਾਂਚ ਤੋਂ ਬਾਅਦ ਹੀ ਲੱਗੇਗਾ।



