ਖਡੂਰ ਸਾਹਿਬ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨੂੰ 20 ਹਜ਼ਾਰ ਦੇ ਵਿਸ਼ਾਲ ਇਕੱਠ ਨਾਲ ਉਸ ਦੇ ਘਰ ਵਿਚ ਘੇਰਿਆ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਜਥੇਬੰਦੀ ਤੋਂ ਸੁਚੇਤ ਰਹਿਣ, ਜਿਸ ਨੂੰ ਏਜੰਸੀਆਂ ਅਤੇ ਆਮ ਆਦਮੀ ਪਾਰਟੀ ਨੇ ਖੜ੍ਹਾ ਕੀਤਾ ਹੈ ਤੇ ਜਿਸ ਨੂੰ ਬੰਦੀ ਸਿੰਘਾਂ ਵਰਗੇ ਪੰਥਕ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ। ਅਜਿਹੀਆਂ ਰਾਤੋ-ਰਾਤ ਉਪਜੀਆਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਜਿਹਨਾਂ ਦੇ ਆਗੂਆਂ ਦਾ ਕੁਰਬਾਨੀਆਂ ਦਾ ਕੋਈ ਇਤਿਹਾਸ ਨਹੀਂ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ‘ਪੂਰਨ ਗੁਰਸਿੱਖ’ ਬਣਨ ਤੋਂ ਪਹਿਲਾਂ ਉਹ ਕੀ ਬੱਜਰ ਕੁਰਹਿਤਾਂ ਕਰਦਾ ਸੀ। ਤੁਸੀਂ ਨਹੀਂ ਜਾਣਦੇ ਕਿ ਦੁਬਈ ਵਿਚ ਉਹ ਕੀ ਕਰਦਾ ਸੀ ਤੇ ਉਸ ਨੂੰ ਆਪਣੇ ਵਾਸਤੇ ਨਵੀਂ ਭੂਮਿਕਾ ਲਈ ਕਿਵੇਂ ਤਿਆਰ ਕੀਤਾ ਗਿਆ। ਜਦੋਂ ਉਸ ਦਾ ਆਪਣਾ ਭਰਾ ਨਸ਼ੇੜੀ ਹੋਣ ਕਾਰਨ ਬੇਨਕਾਬ ਹੋਇਆ ਤਾਂ ਉਸ ਨੇ ਨਸ਼ਿਆਂ ਖਿਲਾਫ ਮੁਹਿੰਮ ਛੇੜਨ ਦਾ ਡਰਾਮਾ ਕੀਤਾ। ਉਹਨਾ ਅੰਮ੍ਰਿਤਪਾਲ ਦੀ ਬੰਦੀ ਸਿੰਘਾਂ ਦੀ ਜ਼ਰੂਰਤ ਨਾ ਹੋਣ ਦੇ ਬਿਆਨ ਦੀ ਵੀ ਨਿਖੇਧੀ ਕੀਤੀ। ਅੰਮ੍ਰਿਤਪਾਲ ਸਿੰਘ ਦਾ ਪਰਵਾਰ ਕਦੇ ਵੀ ਬੰਦੀ ਸਿੰਘਾਂ ਨੂੰ ਮਿਲਣ ਨਹੀਂ ਗਿਆ, ਭਾਵੇਂ ਉਹ ਗੁਰਦੀਪ ਸਿੰਘ ਖੈੜਾ ਹੋਵੇ, ਜੋ ਉਹਨਾ ਦੇ ਪਿੰਡ ਵਿਚ ਰਹਿੰਦਾ ਹੈ ਜਾਂ ਫਿਰ ਕਦੇ ਵੀ ਬੰਦੀ ਸਿੰਘਾਂ ਦੀ ਮਦਦ ਨਹੀਂ ਕੀਤੀ, ਭਾਵੇਂ ਉਹ ਬਲਵੰਤ ਸਿੰਘ ਰਾਜੋਆਣਾ ਹੋਵੇ ਜਾਂ ਫਿਰ ਜਗਤਾਰ ਸਿੰਘ ਹਵਾਰਾ। ਉਹਨਾ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਇਕ ਚੀਫ ਇੰਜੀਨੀਅਰ ਵੱਲੋਂ ਹਰ ਮਹੀਨੇ ਜਥੇਬੰਦੀ ਨੂੰ ਅਦਾਇਗੀ ਕੀਤੀ ਜਾਂਦੀ ਹੈ। ਜੇਕਰ ਇਹ ਸੱਚ ਨਹੀਂ ਤਾਂ ਅੰਮ੍ਰਿਤਪਾਲ ਦਾ ਪਰਵਾਰ ਸ੍ਰੀ ਦਰਬਾਰ ਸਾਹਿਬ ਦੀ ਸਹੁੰ ਚੁੱਕੇ ਕਿ ਅਜਿਹਾ ਕੁਝ ਨਹੀਂ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਾਖਾ ਦੇ ਐੱਮ ਐੱਲ ਏ ਮਨਪ੍ਰੀਤ ਸਿੰਘ ਇਆਲੀ ਨੂੰ ਵੀ ਮੁੱਖ ਮੰਤਰੀ ਨੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਵਿਚ ਭੇਜਿਆ ਹੈ। ਇਆਲੀ ਉਹੀ ਕਰਦਾ ਹੈ, ਜੋ ਭਗਵੰਤ ਮਾਨ ਕਹਿੰਦਾ ਹੈ, ਕਿਉਂਕਿ ਉਸ ਦੀਆਂ ਸਾਰੀਆਂ ਨਜਾਇਜ਼ ਕਲੋਨੀਆਂ ਦੀਆਂ ਫਾਈਲਾਂ ਮੁੱਖ ਮੰਤਰੀ ਕੋਲ ਪਈਆਂ ਹਨ।




