ਕਾਰ ਪਰ੍ਹੇ ਰੱਖਣ ਨੂੰ ਕਿਹਾ ਤਾਂ ਮਾਰੀ ਟੱਕਰ

0
9

ਗੁਰੂਗ੍ਰਾਮ : ਇੱਥੋਂ ਦੇ ਗੋਲਫ ਕੋਰਸ ਰੋਡ ‘ਤੇ ਮਹਿਲਾ ਬਾਈਕਰ ਨੂੰ ਟੱਕਰ ਮਾਰ ਕੇ ਕਾਰ ਚਾਲਕ ਮੌਕੇ ਤੋਂ ਕਾਰ ਭਜਾ ਲੈ ਗਏ। ਸੀਆ ਨਾਂਅ ਦੀ ਬਾਈਕਰ ਨੇ ਖੁਦ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰਦਿਆਂ ਦੋਸ਼ ਲਾਇਆ ਕਿ ਐਤਵਾਰ ਸਵੇਰ ਦੀ ਰਾਈਡ ਦੌਰਾਨ ਇੱਕ ਚਿੱਟੀ ਸੇਡਾਨ ਕਾਰ ਨੇ ਤੇਜ਼ੀ ਅਤੇ ਹਮਲਾਵਰ ਢੰਗ ਨਾਲ ਉਸ ਦੇ ਗਰੁੱਪ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਡਰਾਈਵਰ ਨੂੰ ਦੂਰੀ ਬਣਾਈ ਰੱਖਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਵਿੱਚ ਸਵਾਰ ਲੋਕ ਸ਼ਰਾਬ ਦੇ ਨਸ਼ੇ ਵਿੱਚ ਜਾਪਦੇ ਸਨ। ਜਿਵੇਂ ਹੀ ਉਸ ਨੇ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਕਾਰ ਨੇ ਉਸ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ ‘ਤੇ ਡਿੱਗ ਪਈ। ਕਾਰ ਬਾਈਕ ਨੂੰ ਕਈ ਮੀਟਰ ਤੱਕ ਘੜੀਸਦੀ ਲੈ ਗਈ। ਉਸ ਨੇ ਕਿਹਾ, ”ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਪਰ ਅੱਜ ਮੈਂ ਗੁਰੂਗ੍ਰਾਮ ਦੀਆਂ ਸੜਕਾਂ ‘ਤੇ ਅਸੁਰੱਖਿਅਤ ਮਹਿਸੂਸ ਕੀਤਾ। ਅਜਿਹੇ ਲੋਕਾਂ ਨੂੰ ਕਿਸੇ ਨੂੰ ਟੱਕਰ ਮਾਰ ਕੇ ਭੱਜਣ ਦਾ ਕੋਈ ਡਰ ਨਹੀਂ ਹੁੰਦਾ।” ਉਹ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸੀਆ ਦੇ ਮੋਟਰਸਾਈਕਲ ਵਿੱਚ ਲੱਗੇ ਕੈਮਰੇ ਨੇ ਸਾਰੀ ਵਾਰਦਾਤ ਕੈਦ ਕਰ ਲਈ। ਕਾਰ ਮਾਲਕ ਮਨੀਸ਼ ਨੇ ਦੱਸਿਆ ਕਿ ਉਹ ਫੌਜ ਵਿੱਚ ਹੈ ਤੇ ਉਸ ਦਾ ਦੋਸਤ ਕਲਿਆਣ ਸਿੰਘ ਦੋ ਦਿਨ ਪਹਿਲਾਂ ਕਾਰ ਮੰਗ ਕੇ ਲੈ ਗਿਆ ਸੀ। ਘਟਨਾ ਦਾ ਪਤਾ ਲੱਗਣ ‘ਤੇ ਉਸ ਨੇ ਉਸ ਨੂੰ ਫੋਨ ਕੀਤਾ, ਪਰ ਉਸ ਨੇ ਫੋਨ ਨਹੀਂ ਚੁੱਕਿਆ।